ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ 31 ਵਾਰਡਾਂ ਲਈ ਬਣਾਏ ਗਏ 85 ਪੋਲਿੰਗ ਬੂਥਾਂ 'ਤੇ ਸਵੇਰੇ ਸਮੇਂ ਸਿਰ ਵੋਟਿੰਗ ਸ਼ੁਰੂ ਹੋਈ | ਨਗਰ ਪਾਲਿਕਾ ਲਈ ਸ਼ਹਿਰ ਵਿਚੋਂ 31 ਕੌਂਸਲਰ ਚੁਣ ਲਈ ਵੋਟਰਾਂ ਵਿਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਉਤਸ਼ਾਹ ਵੇਖਿਆ ਗਿਆ ਅਤੇ ਗਰਮੀ ਤੋਂ ਬਚਣ ਲਈ ਵੋਟਰ ਸਵੇਰੇ ਹੀ ਕਤਾਰਾਂ ਵਿਚ ਖੜ੍ਹੇ ਨਜ਼ਰ ਆਏ | ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 9 ਵਿਖੇ ਬੂਥ ਨੰਬਰ 27 'ਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਪਣੇ ਸਪੁੱਤਰ ਬਿਕਰਮਬਾਜ ਸਿੰਘ ਬਰਾੜ ਨਾਲ ਪਹੁੰਚ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਇਕ ਵੋਟਰ ਨੂੰ ਆਪਣੇ ਕੀਮਤੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਹਨ | ਵਾਰਡ ਨੰਬਰ 13 ਦੇ ਤਿੰਨ ਬੂਥ ਪੰਜਾਬ ਰੋਡਵੇਜ਼ ਡੀਪੂ ਦੇ ਦਫ਼ਤਰ ਵਿਖੇ ਬਣੇ ਹੋਏ ਸਨ | ਇੱਥੇ ਬੂਥ ਨੰਬਰ 37 'ਤੇ ਕਰੀਬ ਸਵਾ 11 ਵਜੇ ਤੱਕ ਕੁੱਲ 1022 ਵੋਟਾਂ ਵਿਚੋਂ 309 ਵੋਟਾਂ ਪੋਲ ਹੋ ਚੁੱਕੀਆਂ ਸਨ | ਇਸ ਤਰ੍ਹਾਂ ਹੀ ਬੂਥ ਨੰਬਰ 38 ਵਿਖੇ ਕੁੱਲ 1023 ਵੋਟਾਂ ਵਿਚੋਂ 220 ਵੋਟਾਂ ਅਤੇ ਬੂਥ ਨੰਬਰ 39 ਵਿਖੇ 1021 ਵੋਟਾਂ ਵਿਚੋਂ 243 ਵੋਟਾਂ ਕੋਲ ਹੋ ਚੁੱਕੀਆਂ ਸਨ | ਇੱਥੇ ਖੜ੍ਹੇ ਵੋਟਰਾਂ ਨੇ ਦੋਸ਼ ਲਾਇਆ ਕਿ ਵੀਲ੍ਹ ਚੇਅਰ ਦਾ ਪ੍ਰਬੰਧ ਨਾ ਹੋਣ ਕਾਰਨ ਬਜ਼ੁਰਗਾਂ ਤੇ ਮਰੀਜ਼ਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ | ਵੋਟਰਾਂ ਨੂੰ ਧੁੱਪ ਤੋਂ ਬਚਾਉਣ ਲਈ ਬਾਹਰ ਛੋਟਾ ਜਿਹਾ ਹੀ ਟੈਂਟ ਲੱਗਿਆ ਹੈ | ਸੀਨੀਅਰ ਸਿਟੀਜਨ ਲਈ ਕੋਈ ਵੱਖਰੀ ਕਤਾਰ ਨਹੀਂ ਹੈ | ਇੱਥੇ ਵੋਟ ਪਾਉਣ ਆਏ ਬਜ਼ੁਰਗ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਆ ਕੇ ਪਤਾ ਲੱਗਿਆ ਕਿ ਉਸ ਦੀ ਵੋਟ ਕੱਟੀ ਗਈ ਹੈ | ਪੋਲਿੰਗ ਬੂਥ ਤੱਕ ਜਾਂਦੇ ਰਸਤੇ 'ਤੇ ਵੀ ਰਸਤਾ ਸਾਫ਼ ਨਾ ਹੋਣ ਕਾਰਨ ਮਿੱਟੀ ਉਡਦੀ ਰਹੀ | ਮੋਬਾਈਲ ਫ਼ੋਨ ਅੰਦਰ ਲੈ ਜਾਣ 'ਤੇ ਪਾਬੰਦੀ ਹੋਣ ਕਰਕੇ ਆਪਣੇ ਮੋਬਾਈਲ ਕਿਸ ਨੂੰ ਫ਼ੜ੍ਹਾਉਣ ਇਸ ਲਈ ਵੀ ਵੋਟਰ ਸ਼ਸ਼ੋਪੰਜ ਵਿਚ ਪਏ ਰਹੇ | ਇਸ ਤਰ੍ਹਾਂ ਵਾਰਡ ਨੰਬਰ 15 ਦੇ ਪੋਲਿੰਗ ਬੂਥ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਏ ਗਏ ਸਨ, ਜਿੱਥੇ ਕਰੀਬ 11 ਵਜੇ ਤੱਕ ਬੂਥ ਨੰਬਰ 42 'ਤੇ 241 ਵੋਟਾਂ ਪੋਲ ਹੋਈਆਂ ਸਨ | ਅਪਾਹਜ ਔਰਤ ਮੁਖ਼ਤਿਆਰ ਕੌਰ ਵੈਸਾਖੀਆਂ ਦੇ ਸਹਾਰੇ ਵੋਟ ਪਾਉਣ ਲਈ ਪੋਲਿੰਗ ਬੂਥ ਵਿਖੇ ਪਹੁੰਚੀ | ਵੋਟ ਲਿਸਟਾਂ ਵਿਚੋਂ ਪਰਚੀਆਂ ਦੇਣ ਲਈ ਕੋਈ ਸਰਕਾਰੀ ਕਰਮਚਾਰੀ ਨਾ ਹੋਣ ਸੰਬੰਧੀ ਵੀ ਵੋਟਰਾਂ ਵਲੋਂ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਇਸ ਨਾਲ ਪ੍ਰੇਸ਼ਾਨੀ ਆ ਰਹੀ ਹੈ | ਇਸ ਤਰ੍ਹਾਂ ਵਾਰਡ ਨੰਬਰ 5 ਦੇ ਤਿੰਨ ਪੋਲਿੰਗ ਬੂਥ 14, 15 ਤੇ 16 ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਏ ਗਏ ਸਨ | ਬਜ਼ੁਰਗ ਮਾਤਾ ਨਿਰਮਲਾ ਦੇਵੀ ਨੇ ਵੀਲ੍ਹ ਚੇਅਰ 'ਤੇ ਆਪਣੇ ਸਪੁੱਤਰ ਅਮਨਦੀਪ ਗਰਗ ਦੇ ਆਸਰੇ ਨਾਲ ਪੋਲਿੰਗ ਬੂਥ ਤੱਕ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਸ ਤਰ੍ਹਾਂ ਹੀ ਵਾਕਰ ਦੇ ਸਹਾਰੇ ਬਜ਼ੁਰਗ ਰਜਿੰਦਰ ਪਾਲ ਸਿੰਘ ਨੇ ਪਹੁੰਚ ਕੇ ਆਪਣੀ ਵੋਟ ਪਾਈ | ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਬਾਵਾ ਯਾਦਵਿੰਦਰ ਸਿੰਘ ਲਾਲੀ ਸਿਹਤ ਨਾਸਾਜ ਹੋਣ ਦੇ ਬਾਵਜੂਦ ਵੀ ਲੋਕਤੰਤਰ ਦੇ ਮੇਲੇ ਵਿਚ ਹਿੱਸਾ ਲੈਣ ਲਈ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪਹੁੰਚੇ ਅਤੇ ਵੀਲ੍ਹ ਚੇਅਰ 'ਤੇ ਬੈਠ ਕੇ ਪੋਲਿੰਗ ਬੂਥ ਤੱਕ ਪਹੁੰਚੇ ਅਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਪੋਲਿੰਗ ਬੂਥਾਂ ਤੋਂ ਨਿਰਧਾਰਤ ਕੀਤੀ ਗਈ ਦੂਰੀ 'ਤੇ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਟੈਂਟ ਲਾਏ ਗਏ ਸਨ | ਜਿੱਥੇ ਸਖ਼ਤ ਗਰਮੀ ਹੋਣ ਕਰਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ, ਉੱਥੇ ਵੋਟਰਾਂ ਨੂੰ ਵੋਟ ਨੰਬਰ ਦੀਆਂ ਪਰਚੀਆਂ ਕੱਟ ਕੇ ਦਿੱਤੀਆਂ ਗਈਆਂ ਤਾਂ ਜੋ ਵੋਟ ਪਾਉਣ ਵੇਲੇ ਸੌਖ ਹੋ ਸਕੇ | ਸਾਰੇ ਵਾਰਡਾਂ ਦੇ ਬਾਹਰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਵਲੋਂ ਲਾਏ ਗਏ ਟੈਂਟਾਂ ਵਿਚ ਵਰਕਰ ਬੈਠੇ ਹੋਏ ਸਨ | ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰ ਆਪਣੇ-ਆਪਣੀ ਪਾਰਟੀ ਦੀ ਜਿੱਤ ਲਈ ਉਤਸਾਹਿਤ ਨਜ਼ਰ ਆ ਰਹੇ ਸਨ | ਤਿੱਖੀ ਧੁੱਪ ਤੇ ਸਖ਼ਤ ਗਰਮੀ ਕਾਰਨ ਲੋਕਾਂ ਨੂੰ ਮੁਸ਼ਕਿਲ ਵੀ ਆ ਰਹੀ ਸੀ ਅਤੇ ਦੁਪਹਿਰ ਸਮੇਂ ਗਰਮੀ ਦੇ ਕਾਰਨ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਗਿਣਤੀ ਵੀ ਘੱਟ ਗਈ | ਵਾਰਡ ਨੰਬਰ 26 ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ ਦੇ ਛੋਟੇ ਭਰਾ ਪਰੀਜਾਤ ਪਠੇਲਾ ਚੋਣ ਲੜ ਰਹੇ ਹਨ | ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਪਾਲ ਸਿੰਘ ਬੇਦੀ ਦੀ ਧਰਮਪਤਨੀ ਹਰਦੀਪ ਕੌਰ ਬੇਦੀ ਵਾਰਡ ਨੰਬਰ 2 ਤੋਂ ਚੋਣ ਲੜ ਰਹੇ ਹਨ | ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਨੇੜਲੇ ਸਾਥੀ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਸੁਖਜਿੰਦਰ ਸਿੰਘ ਬਬਲੂ ਬਰਾੜ ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਹਨ ਅਤੇ ਵਿਧਾਇਕ ਦੇ ਨਿੱਜੀ ਸਹਾਇਕ ਤੇ ਆਮ ਆਦਮੀ ਪਾਰਟੀ ਦੇ ਮੀਡੀਆ ਬਲਾਕ ਕੋਆਰਡੀਨੇਟਰ ਵਿਕਰਮ ਕੁਮਾਰ ਵਿੱਕੀ ਵਾਰਡ ਨੰਬਰ 16 ਤੋਂ ਪਹਿਲੀ ਵਾਰ ਕਿਸਮਤ ਅਜਮਾਈ ਕਰ ਰਹੇ ਹਨ | ਚਾਰੇ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੇ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਗਈ ਅਤੇ ਕਈ ਦਿਨ ਚੋਣ ਪ੍ਰਚਾਰ ਕੀਤਾ ਗਿਆ | ਅੱਜ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿਚ ਬੰਦ ਹੋ ਜਾਵੇਗੀ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਉਪਰੰਤ ਹੀ ਪਤਾ ਲੱਗੇਗਾ ਕਿ ਵੋਟਰ 31 ਵਾਰਡਾਂ ਵਿਚ ਕਿਸ ਕਿਸ ਉਮੀਦਵਾਰ ਦੇ ਸਿਰ 'ਤੇ ਜਿੱਤ ਦਾ ਤਾਜ ਸਜਾਉਂਦੇ ਹਨ | ਚੋਣ ਨਤੀਜਿਆਂ ਦੀ ਵੋਟਰਾਂ ਨੂੰ ਬੇਸਬਰੀ ਨਾਲ ਇੰਤਜਾਰ ਰਹੇਗੀ |