ਸਾਦਿਕ, 30 ਮਈ (ਗੁਰਭੇਜ ਸਿੰਘ ਚੌਹਾਨ)-ਮੌਸਮ ਵਿਗਿਆਨ ਵਲੋਂ ਕੀਤੀ ਗਈ ਤੇਜ਼ ਤੂਫ਼ਾਨ ਤੇ ਮੀਂਹ ਦੀ ਭਵਿੱਖਬਾਣੀ ਅਨੁਸਾਰ ਅੱਜ ਦੁਪਹਿਰ ਸਮੇਂ ਆਏ ਤੇਜ਼ ਤੂਫ਼ਾਨ ਅਤੇ ਬਾਰਿਸ਼ ਕਾਰਨ ਕੁਝ ਹੀ ਸਮੇਂ ਵਿਚ ਫ਼ਿਰੋਜ਼ਪੁਰ-ਗੋਲੇਵਾਲਾ ਸੜਕ 'ਤੇ ਵੱਡੇ ਵੱਡੇ ਨਿੰਮ ਅਤੇ ਸਫ਼ੈਦੇ ਦੇ ਦਰੱਖਤ ਡਿੱਗ ਪੈਣ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਦੋਹਾਂ ਪਾਸਿਆਂ ਵਲੋਂ ਆਵਾਜਾਈ ਠੱਪ ਹੋ ਗਈ | ਇਸ ਦੌਰਾਨ ਇਕ ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ ਇਸ ਜਾਮ ਵਿਚ ਫਸ ਗਈ ਜਿਸਨੂੰ ਪਿੰਡ ਗੋਲੇਵਾਲਾ ਦੇ ਲੋਕਾਂ ਵਲੋਂ ਪਹਿਲ ਦੇ ਆਧਾਰ 'ਤੇ ਜਾਮ 'ਚੋਂ ਕੱਢਿਆ | ਬੱਚਿਆਂ ਦੀਆਂ ਸਕੂਲ ਵੈਨਾਂ ਵੀ ਫ਼ਸੀਆਂ ਹੋਈਆਂ ਸਨ | ਪਿੰਡ ਵਾਸੀਆਂ ਨੇ ਬਿਨਾਂ ਕਿਸੇ ਪ੍ਰਸ਼ਾਸਨ ਦੀ ਮਦਦ ਦੇ ਆਪਣੇ ਟਰੈਕਟਰਾਂ ਨਾਲ ਸੜਕ 'ਚ ਡਿੱਗੇ ਦਰੱਖਤਾਂ ਨੂੰ ਖਿੱਚ ਕੇ ਰਸਤਾ ਚਾਲੂ ਕਰਨ ਕਰਕੇ ਆਵਾਜਾਈ ਨੂੰ ਬਹਾਲ ਕਰਨ ਦੀ ਕੋਸ਼ਿਸ਼ ਵਿਚ ਜੁੱਟ ਗਏ ਪਰ ਇਕ ਨਿੰਮ ਦਾ ਬਹੁਤ ਵੱਡਾ ਦਰੱਖਤ ਜੋ ਟਰੈਕਟਰ ਤੋਂ ਵੀ ਨਹੀਂ ਖਿੱਚਿਆ ਗਿਆ ਸੜਕ ਵਿਚ ਡਿੱਗਿਆ ਹੋਇਆ ਸੀ | ਤੂਫਾਨ ਬਹੁਤ ਜ਼ਿਆਦਾ ਤੇਜ ਹੋਣ ਕਰਕੇ ਵੱਡੀ ਗਿਣਤੀ ਵਿਚ ਰੁੱਖ ਸੜਕ ਵਿਚਕਾਰ ਵਿੱਛ ਗਏ ਸਨ ਅਤੇ ਹੋਰ ਵੀ ਡਿੱਗ ਰਹੇ ਸਨ | ਲਗਪਗ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਰਸਤਾ ਬਹਾਲ ਹੋ ਸਕਿਆ | ਇਸ ਸਬੰਧੀ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਮਦਦ ਲਈ ਮੰਗ ਕੀਤੀ ਗਈ ਪਰ ਪ੍ਰਸ਼ਾਸਨ ਦੀ ਕੋਈ ਮਦਦ ਪੁੱਜਣ ਤੋਂ ਪਹਿਲਾਂ ਪਿੰਡ ਗੋਲੇਵਾਲਾ ਵਾਸੀਆਂ ਨੇ ਹੀ ਆਵਾਜਾਈ ਚਾਲੂ ਕੀਤੀ | ਇਹ ਪਿੰਡਾਂ ਵਾਲੇ ਲੋਕ ਹੀ ਹਨ ਜਿਹੜੇ ਹਰ ਮੁਸੀਬਤ ਵਿਚ ਲੋਕਾਂ ਦੀ ਮਦਦ ਲਈ ਪਹੁੰਚ ਜਾਂਦੇ ਹਨ |