ਗਿੱਦੜਬਾਹਾ, 30 ਮਈ (ਸ਼ਿਵਰਾਜ ਸਿੰਘ ਬਰਾੜ)-ਅੱਜ ਕਾਂਗਰਸੀ ਆਗੂਆਂ ਵਲੋਂ ਗਿੱਦੜਬਾਹਾ ਵਿਖੇ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਵਿਚ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ | ਐੱਸ.ਡੀ.ਐੱਮ. ਦਫ਼ਤਰ ਲੱਗੇ ਵੱਡੀ ਗਿਣਤੀ ਵਿਚ ਰੋਸ ਧਰਨੇ 'ਤੇ ਬੈਠੇ ਕਾਂਗਰਸੀ ਆਗੂਆਂ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਦੌਰਾਨ ਸਾਬਕਾ ਚੇਅਰਮੈਨ ਸਾਹਿਬ ਸਿੰਘ ਭੂੰਦੜ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਵੋਟਾਂ ਪੈਣ ਵਾਲੇ ਦਿਨ ਤੋਂ ਲੈ ਕੇ ਹੀ 'ਆਪ' ਆਗੂਆਂ ਵਲੋਂ ਧੱਕੇਸ਼ਾਹੀ ਕਰਨ ਦੀਆਂ ਕੰਨਸੋਆਂ ਮਿਲ ਰਹੀਆਂ ਸਨ | ਅੱਜ ਸਵੇਰ ਵੇਲੇ ਅਜੇ ਗਿਣਤੀ ਸ਼ੁਰੂ ਹੀ ਨਹੀਂ ਹੋਈ ਸੀ ਕਿ ਉਮੀਦਵਾਰ ਆਪਣੇ ਵਾਰਡਾਂ ਵਿਚ ਲੱਡੂ ਵੰਡਦੇ ਰਹੇ, ਕਿਉਂਕਿ ਜਿਵੇਂ ਪਹਿਲਾਂ ਹੀ ਪਤਾ ਹੋਵੇ ਕਿ ਜਿੱਤਣਾ ਤਾਂ ਉਨ੍ਹਾਂ ਨੇ ਹੀ ਹੈ | ਜਿਵੇਂ 'ਆਪ' ਆਗੂ ਕਹਿੰਦੇ ਸਨ ਕਿ ਆਉਣ ਵਾਲੀਆਂ ਚੋਣਾਂ ਜਿੱਤਣ ਲਈ ਕੋਈ ਵੀ ਹੀਲਾ ਵਸੀਲਾ ਵਰਤਣਾ ਪਿਆ ਤਾਂ ਵਰਤਿਆ ਜਾਵੇਗਾ | ਅੱਜ ਉਹੀ ਦਿ੍ਸ਼ ਗਿੱਦੜਬਾਹਾ ਵਿਚ ਦੇਖਣ ਨੂੰ ਮਿਲਿਆ ਕਿ ਸਵੇਰੇ 9 ਕੁ ਵਜੇ ਹੀ 6-7 ਵਾਰਡਾਂ ਦੇ ਨਤੀਜੇ ਐਲਾਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਅਤੇ ਸਾਰੇ ਹੀ ਉਮੀਦਵਾਰਾਂ ਦੀ ਜਿੱਤ ਦੀ ਘੋਸ਼ਣਾ ਕਰ ਦਿੱਤੀ ਗਈ, ਜਿਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਪਹਿਲਾਂ ਤੋਂ ਹੀ ਸਭ ਗਿਣੀ-ਮਿਥੀ ਸਾਜਿਸ਼ ਹੈ | ਸੀਨੀਅਰ ਕਾਗਰਸੀ ਆਗੂ ਨਰਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਅੱਜ 'ਆਪ' ਦੇ ਆਗੂਆਂ ਦੀ ਧੱਕੇਸ਼ਾਹੀ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੈ | ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਕਰਵਾਈ ਹੀ ਨਹੀਂ ਗਈ ਤੇ ਕਾਂਗਰਸ ਦੇ ਏਜੰਟਾਂ ਨੂੰ ਵੋਟਾਂ ਦੀ ਹੋ ਰਹੀ ਗਿਣਤੀ ਦੌਰਾਨ ਬਾਹਰ ਕੱਢ ਦਿੱਤਾ ਗਿਆ ਅਤੇ ਮਨਮਰਜ਼ੀ ਨਾਲ ਐਲਾਨ ਕਰ ਦਿੱਤੇ ਗਏ | ਗਿੱਦੜਬਾਹਾ ਸ਼ਹਿਰ ਤੇ ਹਲਕੇ ਦੇ ਲੋਕ ਹਮੇਸ਼ਾ ਅਮਨ ਪਸੰਦ ਹਨ ਅਤੇ ਕਿਸੇ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਦੇ | ਉਨ੍ਹਾਂ ਕਿਹਾ ਕਿ ਉਹ ਮਾਣਯੋਗ ਅਦਾਲਤ ਵਿਚ ਜਾਣਗੇ ਅਤੇ ਮੰਗ ਕਰਨਗੇ ਕਿ ਗਿੱਦੜਬਾਹਾ ਨਗਰ ਕੌਂਸਲ ਦੀਆਂ ਚੋਣਾਂ ਦੁਬਾਰਾ ਕਰਵਾਈਆਂ ਜਾਣ | ਆਗੂਆਂ ਦਾ ਕਹਿਣਾ ਸੀ ਕਿ ਉਹ ਅੱਜ ਐੱਸ.ਡੀ.ਐੱਮ. ਤੇ ਡਿਪਟੀ ਕਮਿਸ਼ਨਰ ਨੂੰ ਵੀ ਆਪਣੇ ਮੰਗ ਪੱਤਰ ਦੇਣਗੇ ਅਤੇ ਇਨਸਾਫ਼ ਦੀ ਮੰਗ ਕਰਨਗੇ | ਇਸ ਮੌਕੇ ਦਵਿੰਦਰ ਸਿੰਘ ਹੰਟੀ, ਨਰਿੰਦਰ ਕੁਮਾਰ ਬਿੰਟਾ ਅਰੋੜਾ, ਚਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਕਾਗਰਸੀ ਆਗੂ ਤੇ ਵਰਕਰ ਹਾਜ਼ਰ ਸਨ |