ਸਾਦਿਕ, 2 ਜੂਨ (ਗੁਰਭੇਜ ਸਿੰਘ ਚੌਹਾਨ)-ਮੁਕਤਸਰ-ਸਾਦਿਕ-ਫ਼ਿਰੋਜ਼ਪੁਰ ਹਾਈਵੇ ਸੜਕ ਮੁਕੰਮਲ ਹੋਣ ਦੇ ਨੇੜੇ ਹੈ | ਇਸ ਸੜਕ ਨੂੰ ਕਰਾਸ ਕਰਦੇ ਸੇਮ ਨਾਲਿਆਂ ਅਤੇ ਕੱਸੀਆਂ ਤੇ ਕੁਝ ਪੁਲਾਂ ਦੀ ਉਸਾਰੀ ਚੱਲ ਰਹੀ ਹੈ | ਸਾਦਿਕ ਤੋਂ 5 ਕਿਲੋਮੀਟਰ ਫਿਰੋਜ਼ਪੁਰ ਵੱਲ ਨੂੰ ਢਿਲਵਾਂ ਖੁਰਦ ਅਤੇ ਜਨੇਰੀਆਂ ਨੇੜੇ ਇਸ ਸੜਕ ਨੂੰ ਕਰਾਸ ਕਰਦੀ 2 ਆਰ ਮਾਈਨਰ ਗੋਲੇਵਾਲਾ ਦੇ ਪੁਰਾਣੇ ਪੁਲ ਨੂੰ ਢਾਹਕੇ ਹਾਈਵੇ ਤੇ ਨਵਾਂ ਪੁਲ ਬਣਨਾ ਸ਼ੁਰੂ ਹੋ ਗਿਆ ਹੈ | ਠੇਕੇਦਾਰ ਨੇ ਕੱਸੀ ਨੂੰ ਇਕ ਪਾਸਿਉਂ ਮਿੱਟੀ ਨਾਲ ਭਰਕੇ ਸੜਕ ਦੀ ਆਰਜ਼ੀ ਆਵਾਜਾਈ ਬਹਾਲ ਕਰ ਦਿੱਤੀ ਹੈ ਪਰ ਪੁਲ ਬਣਨ 'ਤੇ ਅਜੇ ਸਮਾਂ ਲੱਗਣਾ ਹੈ ਅਤੇ ਕੱਸੀ ਦੇ ਪਾਣੀ ਦਾ ਵਹਾਅ ਠੇਕੇਦਾਰ ਵਲੋਂ ਪਾਸੇ ਦੀ ਨਹੀਂ ਕੀਤਾ ਗਿਆ | ਜੋ ਕਰਨਾਂ ਜ਼ਰੂਰੀ ਹੁੰਦਾ ਹੈ, ਕਿਉਂਕਿ ਕੱਸੀ ਵਿਚ ਅੱਗੋਂ ਪੁਲ ਦੀ ਉਸਾਰੀ ਚੱਲਦੀ ਹੋਣ ਕਾਰਨ ਪਾਣੀ ਨਹੀਂ ਛੱਡਿਆ ਜਾ ਸਕਦਾ | ਕੱਸੀ 'ਚ ਪਾਣੀ ਦੀ ਬੰਦੀ ਕਾਰਨ ਇਸ ਕੱਸੀ 'ਤੇ ਪੈਂਦੇ ਪਿੰਡ ਬੁਰਜ ਮਸਤਾ, ਘੁਗਿਆਣਾ, ਝੋਟੀਵਾਲਾ, ਢਿਲਵਾਂ ਖੁਰਦ, ਸ਼ਿਮਰੇਵਾਲਾ, ਡੋਡ, ਜਨੇਰੀਆਂ, ਸੰਗਰਾਹੂਰ, ਰੁਪੱਈਆਂ ਵਾਲਾ, ਕਾਉਣੀ, ਸਾਦਿਕ, ਸੰਗਤਪੁਰਾ, ਮਰਾੜ੍ਹ ਆਦਿ ਪਿੰਡਾਂ ਦੀਆਂ ਜ਼ਮੀਨਾਂ ਨੂੰ ਕੱਸੀ ਦਾ ਪਾਣੀ ਨਹੀਂ ਮਿਲ ਰਿਹਾ | ਕਿਸਾਨਾਂ ਨੇ ਚਾਰਾ ਅਤੇ ਝੋਨੇ ਦੀ ਪਨੀਰੀ ਬੀਜੀ ਹੋਈ ਹੈ ਤੇ ਕੁਝ ਨੇ ਬੀਜਣੀ ਹੈ | ਸਰਕਾਰ ਵਲੋਂ 10 ਜੂਨ ਝੋਨੇ ਦੀ ਲੁਆਈ ਦੀ ਪ੍ਰਵਾਨਿਤ ਮਿਤੀ ਤਹਿ ਕੀਤੀ ਗਈ ਹੈ ਅਤੇ ਕੁਝ ਕਿਸਾਨਾਂ ਨੇ ਅਗੇਤੀਆਂ ਕਿਸਮਾਂ ਦੀ ਲੁਆਈ ਵੀ ਸ਼ੁਰੂ ਕਰਨੀ ਹੈ | ਧਰਤੀ ਹੇਠਲਾ ਪਾਣੀ ਸਾਰੇ ਇਲਾਕੇ ਦਾ ਮਾੜਾ ਹੈ | ਜਿਸਨੂੰ ਇਕੱਲਾ ਲਗਾਉਣ ਨਾਲ ਫ਼ਸਲ ਦੇ ਫ਼ਾਇਦੇ ਦੀ ਬਜਾਏ ਨੁਕਸਾਨ ਹੁੰਦਾ ਹੈ | ਇਸ ਲਈ ਨਾਲ ਕੱਸੀ ਦੇ ਪਾਣੀ ਦੀ ਵਰਤੋਂ ਬਹੁਤ ਜ਼ਰੂਰੀ ਹੈ ਜੋ ਪੁਲ ਦੀ ਉਸਾਰੀ ਮੌਕੇ ਪਾਸੇ ਦੀ ਵਹਾਅ ਨਾ ਬਣਾਉਣ ਕਾਰਨ ਕੱਸੀ ਬੰਦ ਪਈ ਹੈ | ਇਸ ਸਬੰਧੀ ਅੱਜ ਪ੍ਰਭਾਵਿਤ ਕਿਸਾਨਾਂ ਵਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਕੱਸੀ ਦੇ ਪਾਣੀ ਦਾ ਪਾਈਪਾਂ ਪਾ ਕੇ ਅੱਗੇ ਵਹਾਅ ਬਣਾਕੇ ਕੱਸੀ 'ਚ ਪਾਣੀ ਜਲਦੀ ਤੋਂ ਜਲਦੀ ਛੱਡਿਆ ਜਾਵੇ |