ਫ਼ਰੀਦਕੋਟ, 5 ਜੂਨ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਇਕ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਫ਼ਰੀਦਕੋਟ ਐਸੋਸੀਏਸ਼ਨ ਆਫ਼ ਮੈਡੀਕਲ ਸਟੂਡੈਂਟਸ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਸੀਮਾ ਗਰੋਵਰ ਭੱਟੀ ਨੇ ਮੁੱਖ ਮਹਿਮਾਨ, ਫ਼ੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਗੁਰਬਾਣੀ ਵਿਚ ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਵਾਤਾਵਰਨ ਸੁਰੱਖਿਆ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਵਰਤ ਕੇ ਸੁੱਟੀ ਜਾਣ ਵਾਲੀ ਪਲਾਸਟਿਕ ਪਸ਼ੂਆਂ ਅਤੇ ਪੰਛੀਆਂ ਲਈ ਘਾਤਕ ਸਾਬਤ ਹੋ ਰਹੀ ਹੈ ਅਤੇ ਇਸ ਕਾਰਨ ਕਈ ਪੰਛੀ ਪ੍ਰਜਾਤੀਆਂ ਦੇ ਅਸਤਿਤਵ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਧ ਰਿਹਾ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਉੱਤੇ ਗੰਭੀਰ ਪ੍ਰਭਾਵ ਪਾ ਰਿਹਾ ਹੈ ਅਤੇ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਸ ਲਈ ਹਵਾ, ਪਾਣੀ ਅਤੇ ਧਰਤੀ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਮੁਕਤ ਰੱਖਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਨ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਸਮਾਗਮ ਦੀ ਪ੍ਰਬੰਧਕੀ ਕਮੇਟੀ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਵਾਤਾਵਰਨ ਸੰਭਾਲ ਸਬੰਧੀ ਜਾਗਰੂਕਤਾ ਫੈਲਾਉਣ ਵਾਲੇ ਸਮਾਗਮ ਲਗਾਤਾਰ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਰੰਗੋਲੀ, ਪੋਸਟਰ ਮੇਕਿੰਗ ਮੁਕਾਬਲੇ ਅਤੇ ਸਕਿੱਟ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਕਾਲਜ ਕੈਂਪਸ ਵਿਚ ਪੰਛੀਆਂ ਲਈ ਬਰਡ ਫ਼ੀਡਰ, ਪਾਣੀ ਦੇ ਭਾਂਡੇ ਅਤੇ ਡਸਟਬਿਨ ਵੱਖ-ਵੱਖ ਥਾਵਾਂ ‘ਤੇ ਸਥਾਪਿਤ ਕੀਤੇ ਗਏ, ਜਿਸ ਦੀ ਹਾਜ਼ਰ ਸ਼ਖਸੀਅਤਾਂ ਨੇ ਭਰਪੂਰ ਸ਼ਲਾਘਾ ਕੀਤੀ। ਸਮਾਗਮ ਵਿਚ ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ, ਕੰਟਰੋਲਰ ਪ੍ਰੀਖਿਆਵਾਂ ਡਾ. ਰਾਜੀਵ ਸ਼ਰਮਾ, ਡਾ. ਅਮਿਤ ਜੈਨ, ਡਾ. ਚੰਦਨਪ੍ਰੀਤ, ਡਾ. ਹਿਮਾਂਸ਼ੂ ਖੁੱਤਨ, ਡਾ. ਰਿੱਤੂ ਅਤੇ ਸ਼ਮੀਰ ਕਾਂਤ ਅਹੂਜਾ, ਐਫ.ਏ.ਐਮ.ਐਸ ਦੇ ਪ੍ਰਧਾਨ ਅਨੀਸ਼ ਅਗਰਵਾਲ, ਵਾਈਸ ਪ੍ਰਧਾਨ ਅਨੀਸਾ ਮਹਿਤਾ, ਜਨਰਲ ਸਕੱਤਰ ਆਗਮ ਕਟਾਰੀਆ, ਜੁਆਇੰਟ ਸਕੱਤਰ ਪ੍ਰਭਨੂਰ ਕੌਰ, ਖ਼ਜ਼ਾਨਚੀ ਨਿਤਿਕ ਗਰਗ ਅਤੇ ਵੱਡੀ ਗਿਣਤੀ ਵਿਚ ਫੈਕਲਟੀ ਮੈਂਬਰ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।