ਮਲੋਟ, 6 ਜੂਨ (ਪਾਟਿਲ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਲੋਂ 'ਖੇਤ ਬਚਾਓ' ਅਭਿਆਨ ਸੰਬੰਧੀ ਚੱਲ ਰਹੀ ਰਾਸ਼ਟਰੀ ਮੁਹਿੰਮ ਤਹਿਤ ਪਿੰਡ ਦਿਉਣਖੇੜਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ, ਜਿਸ ਵਿਚ ਪਿੰਡ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ | ਇਸ ਪ੍ਰੋਗਰਾਮ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਅਤੇ ਕਰਿਭਕੋ ਦੇ ਅਧਿਕਾਰੀ ਵੀ ਸ਼ਾਮਿਲ ਹੋਏ | ਇਸ ਮੌਕੇ ਡਾ. ਗੁਰਵਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਰਾਸ਼ਟਰੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਇਸ ਦੇ ਮੁੱਖ ਉਦੇਸ਼ਾਂ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਦੀ ਸੰਭਾਲ ਲਈ ਕਿਸਾਨਾਂ ਵਿਚ ਸਰਬਪੱਖੀ ਖ਼ਾਦ ਪ੍ਰਬੰਧਨ ਨੂੰ ਉਤਸਾਹਿਤ ਕਰਨਾ ਸਮੇਂ ਦੀ ਲੋੜ ਹੈ | ਉਨ੍ਹਾਂ ਖ਼ਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ-ਪਾਣੀ ਦੀ ਪਰਖ ਦੀ ਅਹਿਮੀਅਤ ਬਾਰੇ ਚਰਚਾ ਕੀਤੀ ਅਤੇ ਇਸ ਸਬੰਧੀ ਜ਼ਰੂਰੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ | ਇਸ ਦੌਰਾਨ ਡਾ. ਵਿਵੇਕ ਕੁਮਾਰ ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਸਾਉਣੀ ਦੀਆਂ ਫ਼ਸਲਾਂ ਵਿਚਖ਼ਖਾਦਾਂ ਦੀ ਸੁਚੱਜੀ ਵਰਤੋਂ, ਜੈਵਿਕ ਖ਼ਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਸੁਧਾਰ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਖ਼ਾਦਾਂ ਦੀ ਘਾਟ ਸਮੇਂ ਬਦਲਵੇਂ ਵਿਕਲਪ, ਨਾਈਟਰੋਜਨ ਕੁਸ਼ਲ ਫ਼ਸਲੀ ਕਿਸਮਾਂ, ਸੂਖ਼ਮ ਪੌਸ਼ਿਕ ਤੱਤਾਂ ਦੀ ਮਹੱਤਤਾ ਅਤੇ ਹਰੀ ਖ਼ਾਦ ਵਾਲੀਆਂ ਫ਼ਸਲਾਂ ਦੇ ਬੀਜ ਉਤਪਾਦਨ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਉਨ੍ਹਾਂ ਝੋਨੇ/ਬਾਸਮਤੀ ਦੀ ਪਨੀਰੀ ਤਿਆਰ ਕਰਨ ਸੰਬੰਧੀ ਅਹਿਮ ਨੁਕਤੇ ਅਤੇ ਝੋਨੇ ਵਿਚ ਮਧਰੇ ਰੋਗ ਦੀ ਰੋਕਥਾਮ ਬਾਰੇ ਵੀ ਚਰਚਾ ਕੀਤੀ | ਇਸ ਦੌਰਾਨ ਡਾ. ਸੁਖਜਿੰਦਰ ਸਿੰਘ ਸਹਾਇਕ ਪੋ੍ਰਫ਼ੈਸਰ (ਫ਼ਲ ਵਿਗਿਆਨ) ਨੇ ਵਾਤਾਵਰਣ ਦੀ ਸੰਭਾਲ ਕਰਨ ਵਿਚ ਫ਼ਲਦਾਰ ਬੂਟਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਪ੍ਰੋਗਰਾਮ ਦੌਰਾਨ ਡਾ. ਅਮਨਪਾਲ ਸਿੰਘ ਢਿੱਲੋਂ ਖੇਤੀਬਾੜੀ ਵਿਕਾਸ ਅਫ਼ਸਰ ਨੇ ਝੋਨੇ/ਬਾਸਮਤੀ ਵਿਚ ਨਦੀਨਾਂ ਦੀ ਸਰਬਪੱਖੀ ਰੋਕਥਾਮ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਵੀ ਜ਼ਰੂਰੀ ਨੁਕਤੇ ਸਾਂਝੇ ਕੀਤੇ | ਪ੍ਰੋਗਰਾਮ ਦੇ ਅਖ਼ੀਰ ਵਿਚ ਡਾ. ਗੁਰਵਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦੌਰਾਨ ਆਏ ਹੋਏ ਕਿਸਾਨਾਂ ਵਲੋਂ ਖੇਤ ਪੱਧਰੀ ਸਮੱਸਿਆਵਾਂ ਸੰਬੰਧੀ ਸਵਾਲ ਪੁੱਛੇ, ਜਿਨ੍ਹਾਂ ਦੇ ਵਿਗਿਆਨੀਆਂ ਵਲੋਂ ਮੌਕੇ 'ਤੇ ਹੀ ਹੱਲ ਸੁਝਾਏ ਗਏ |