ਮਲੋਟ, 6 ਜੂਨ (ਪਾਟਿਲ)-ਮਲੋਟ ਦੇ ਵਾਤਾਵਰਨ ਪ੍ਰੇਮੀਆਂ ਤੇ ਸਮਾਜ ਸੇਵੀਆਂ ਲਈ ਇਕ ਬੇਹੱਦ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ | ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਬੀਤੇ ਕਈ ਸਾਲਾਂ ਤੋਂ ਦਿਨ-ਰਾਤ ਮਿਹਨਤ ਕਰ ਰਹੇ ਵਾਤਾਵਰਨ ਪ੍ਰੇਮੀਆਂ ਦੇ ਪਸੀਨੇ ਨਾਲ ਸਿੰਝੇ ਹੋਏ ਦਰੱਖ਼ਤਾਂ 'ਤੇ ਪ੍ਰਸ਼ਾਸਨਿਕ ਅਣਗਹਿਲੀ ਦੀ ਜੇ.ਸੀ.ਬੀ. ਚੱਲ ਗਈ ਹੈ | ਜੀ.ਟੀ. ਰੋਡ 'ਤੇ ਨਵੀਂ ਦਾਣਾ ਮੰਡੀ ਦੇ ਬਾਹਰ ਸਾਲਾਂ ਦੀ ਮਿਹਨਤ ਤੋਂ ਬਾਅਦ ਵੱਡੇ ਹੋਏ ਦਰੱਖ਼ਤਾਂ ਦੇ ਇਕ ਝੁੰਡ ਨੂੰ ਬੇਰਹਿਮੀ ਨਾਲ ਪੁੱਟ ਕੇ ਸੁੱਟ ਦਿੱਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਕਿਸੇ ਠੇਕੇਦਾਰ ਵਲੋਂ ਇਸ ਸਥਾਨ 'ਤੇ ਵਾਲੀਬਾਲ ਗਰਾਊਾਡ ਬਣਾਇਆ ਜਾਣਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਤਾਵਰਨ ਪ੍ਰੇਮੀ ਪ੍ਰੋਫ਼ੈਸਰ ਗੁਰਸ਼ਮਿੰਦਰ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਰੁਝਾਨ ਖੇਡਾਂ ਵੱਲ ਲੈ ਕੇ ਜਾਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਪਰ ਵਾਤਾਵਰਨ ਦਾ ਵੱਡਾ ਨੁਕਸਾਨ ਕਰਕੇ ਜੀ.ਟੀ. ਰੋਡ 'ਤੇ ਗਰਾਊਾਡ ਬਣਾਉਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ | ਉਨ੍ਹਾਂ ਸਾਲ 2019 ਤੋਂ ਲੈ ਕੇ 2026 ਤੱਕ ਯਾਨੀ ਪਿਛਲੇ 7-8 ਸਾਲਾਂ ਤੋਂ ਇਨ੍ਹਾਂ ਬੂਟਿਆਂ ਨੂੰ ਬੱਚਿਆਂ ਵਾਂਗ ਪਾਲ ਕੇ ਵੱਡਾ ਕੀਤਾ ਸੀ, ਜਿਨ੍ਹਾਂ ਨੂੰ ਮਿੰਟਾਂ-ਸਕਿੰਟਾਂ ਵਿਚ ਪੁੱਟ ਦਿੱਤਾ ਗਿਆ | ਜੀ.ਟੀ. ਰੋਡ 'ਤੇ ਗਰਾਊਾਡ ਬਣਾਉਣਾ ਸੁਰੱਖਿਆ ਪੱਖੋਂ ਵੀ ਖ਼ਤਰਨਾਕ ਹੈ, ਕਿਉਂਕਿ ਬੀਤੇ ਦਿਨੀਂ ਹੀ ਪੁਲ ਕੋਲ ਇਕ ਟਰੱਕ ਹਾਦਸਾਗ੍ਰਸਤ ਹੋਇਆ ਸੀ | ਅਜਿਹੇ 'ਚ ਭਾਰੀ ਟ੍ਰੈਫ਼ਿਕ ਵਾਲੀ ਸੜਕ ਕੰਢੇ ਬੱਚਿਆਂ ਦਾ ਖੇਡਣਾ ਸੁਰੱਖਿਅਤ ਨਹੀਂ ਹੈ | ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਗ਼ੁੱਸਾ ਹੈ ਕਿ ਬੀਤੇ ਦਿਨ ਜਿੱਥੇ ਪੂਰੀ ਦੁਨੀਆ ਵਿਸ਼ਵ ਵਾਤਾਵਰਨ ਦਿਵਸ ਮਨਾ ਰਹੀ ਸੀ, ਉੱਥੇ ਹੀ ਮਲੋਟ ਵਿਚ ਹਰੇ-ਭਰੇ ਦਰੱਖ਼ਤਾਂ ਦੇ ਨਾਲ-ਨਾਲ ਰੰਗ-ਬਿਰੰਗੇ ਫ਼ੁੱਲਾਂ ਦੀਆਂ ਵੇਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ | ਇਸ ਤੋਂ ਵੀ ਮੰਦਭਾਗੀ ਖ਼ਬਰ ਗ੍ਰੀਨ ਵੈਲੀ ਸੜਕ 'ਤੇ ਸਥਿਤ ਗੁਰੂ ਤੇਗ ਬਹਾਦਰ ਖ਼ਾਲਸਾ ਸਕੂਲ ਦੇ ਨੇੜੇ ਦੀ ਵੀ ਹੈ, ਜਿੱਥੇ ਕਰੀਬ 100 ਸਾਲ ਪੁਰਾਣੇ ਇਤਿਹਾਸਕ ਪਿੱਪਲ ਦੇ ਦਰੱਖ਼ਤ ਨੂੰ ਵੀ ਬੀਤੇ ਦਿਨੀਂ ਅੱਗ ਦੀ ਭੇਟ ਚੜ੍ਹਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ | ਇਕ ਪਾਸੇ ਹਰਿਆਵਲ ਦੇ ਉਪਰਾਲੇ, ਦੂਜੇ ਪਾਸੇ ਬਰਬਾਦੀ ਵਰਣਨਯੋਗ ਹੈ ਕਿ ਨਗਰ ਕੌਂਸਲ ਮਲੋਟ ਵਲੋਂ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਵਿਚ ਸ਼ਹਿਰ ਦੇ ਕਈ ਕੂੜੇ ਦੇ ਡੰਪਾਂ ਤੇ ਬਦਬੂਦਾਰ ਥਾਵਾਂ ਨੂੰ ਸਾਫ਼ ਕਰਕੇ ਸੁੰਦਰ ਪਾਰਕ ਬਣਾਏ ਗਏ ਸਨ | ਇਸੇ ਤਰ੍ਹਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਵੀ ਸ਼ਹਿਰ ਵਿਚ ਖਜੂਰਾਂ ਦੇ ਦਰੱਖ਼ਤ ਲਗਵਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਕਮੇਟੀਆਂ ਬਣਾਈਆਂ ਗਈਆਂ ਸਨ, ਜੋ ਕਿ ਬਹੁਤ ਸ਼ਲਾਘਾਯੋਗ ਕੰਮ ਸੀ | ਪਰ ਹੁਣ ਅਚਾਨਕ ਠੇਕੇਦਾਰਾਂ ਵਲੋਂ ਕੀਤੀ ਜਾ ਰਹੀ ਇਸ ਮਨਮਰਜ਼ੀ ਤੇ ਦਰੱਖ਼ਤਾਂ ਦੀ ਕਟਾਈ ਨੇ ਸ਼ਹਿਰ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸ ਸੰਬੰਧੀ ਸਮੂਹ ਐੱਨ.ਜੀ.ਓ. ਵਾਤਾਵਰਨ ਦੇ ਹੋ ਰਹੇ ਇਸ ਉਜਾੜੇ ਨੂੰ ਰੋਕਣ ਲਈ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਨ ਪ੍ਰੇਮੀ ਉਕਤ ਸਥਾਨ 'ਤੇ ਇਕੱਠੇ ਹੋ ਰਹੇ ਹਨ, ਤਾਂ ਜੋ ਇਸ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਸਕੇ | ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦਿੱਤਾ ਜਾਵੇ ਅਤੇ ਹਰੇ-ਭਰੇ ਰੁੱਖਾਂ ਦੀ ਕਟਾਈ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ |