ਜੈਤੋ, 18 ਜੂਨ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਾਹਰੀ ਕੰਪਨੀਆਂ /ਏਜੰਸੀਆਂ ਵਲੋਂ ਲਗਾਤਾਰ ਪੈਰ ਪਸਾਰੇ ਜਾ ਰਹੇ ਹਨ। ਨੈੱਟਵਰਕ ਕੇਬਲ ਅਤੇ ਗੈਸ ਪਾਈਪ ਲਾਈਨਾਂ ਲਈ ਸੜਕਾਂ ਪੁੱਟ ਦਿੱਤੀਆਂ ਜਾਂਦੀਆਂ ਹਨ। ਇਸ ਸਬੰਧੀ ਪਿੰਡ ਭਗਤੂਆਣਾ ਵਿਖੇ ਸਮਾਜ ਸੇਵੀ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਗੁਜਰਾਤ ਗੈਸ ਏਜੰਸੀ ਵਲੋਂ ਸ਼ਹਿਰਾਂ ਅਤੇ ਪਿੰਡਾਂ ‘ਚ ਗੈਸ ਪਾਈਪ ਲਾਈਨ ਪਾਈ ਜਾ ਰਹੀ ਹੈ ਅਤੇ ਇੰਟਰ ਲੌਕ ਟਾਈਲਾਂ ਨਾਲ ਬਣੀਆਂ ਹੋਈਆਂ ਸੜਕਾਂ ਅਤੇ ਗਲੀਆਂ ਨੂੰ ਪੁੱਟਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉੱਕਤ ਗੈਸ ਏਜੰਸੀ ਵਲੋਂ ਰਾਮਗੜ੍ਹ (ਭਗਤੂਆਣਾ) ਵਿਖੇ ਵੀ ਗੈਸ ਪਾਈਪ ਲਾਈਨ ਪਾਈ ਗਈ ਹੈ ਅਤੇ ਇੰਟਰ ਲੌਕ ਟਾਈਲਾਂ ਨਾਲ ਬਣੀਆਂ ਹੋਈਆਂ ਗਲੀਆਂ ਨੂੰ ਪੁੱਟ ਸੁੱਟਿਆ ਹੈ। ਥਾਂ-ਥਾਂ ਮਸ਼ੀਨ ਨਾਲ ਪੁੱਟੇ ਟੋਇਆਂ ਨੂੰ ਨਹੀਂ ਭਰਿਆ ਜਾ ਰਿਹਾ ਜੋ ਬੱਚੇ, ਬਜ਼ੁਰਗ ਅਤੇ ਵਾਹਨਾਂ ਲਈ ਵੱਡਾ ਖ਼ਤਰਾ ਬਣੇ ਹੋਏ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਅਣਗਹਿਲੀ ਕਰਨ ਵਾਲੀ ਏਜੰਸੀ ਖਿਲਾਫ਼ ਐਕਸ਼ਨ ਲਿਆ ਜਾਵੇ।