ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅੱਜ ਸ੍ਰੀ ਮੁਕਤਸਰ ਸਾਹਿਬ ਤੇ ਇਲਾਕੇ ਭਰ ਵਿਚ ਸੰਗਤ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਹੀਦੀ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ ਦੇ ਜਥੇ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਰਾਣੀਵਾਲਾ ਵਲੋਂ ਅਰਦਾਸ ਕੀਤੀ ਗਈ। ਉਪਰੰਤ ਹੁਕਮਨਾਮਾ ਲਿਆ ਗਿਆ। ਇਸ ਮਗਰੋਂ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਅਤੇ ਸਮਾਜ ਨੂੰ ਬਹੁਤ ਸਾਰੇ ਅਹਿਮ ਸਿਧਾਂਤ ਦਿੱਤੇ। ਭਾਈ ਜਗਬੀਰ ਸਿੰਘ ਨੇ ਕਿਹਾ ਕਿ ਗੁਰੂ ਜੀ ਦੀ ਬਾਣੀ ਮਨੁੱਖ ਨੂੰ ਹਉਮੈ, ਲਾਲਚ, ਕ੍ਰੋਧ ਅਤੇ ਮੋਹ ਤੋਂ ਮੁਕਤ ਹੋ ਕੇ ਇਕ ਸੱਚਾ, ਇਮਾਨਦਾਰ ਤੇ ਪਰਮਾਰਥੀ ਜੀਵਨ ਜਿਉਣ ਦਾ ਉਪਦੇਸ਼ ਦਿੰਦੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਕੋਲਿਆਂਵਾਲੀ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦੀ ਪੁਰਬ ਮੌਕੇ ਅੱਜ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਧਾਰਮਿਕ ਦੀਵਾਨਾਂ ਵਿਚ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸੰਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸੰਗਤਾਂ ਵਲੋਂ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕੀਤਾ ਗਿਆ। ਇਸ ਮੌਕੇ ਸਾਬਕਾ ਮੈਨੇਜਰ ਬਲਦੇਵ ਸਿੰਘ ਬਾਠ, ਸਾਬਕਾ ਮੈਨੇਜਰ ਲਖਬੀਰ ਸਿੰਘ, ਸਾਬਕਾ ਮੈਨੇਜਰ ਸੁਮੇਰ ਸਿੰਘ, ਪਰਮਜੀਤ ਸਿੰਘ, ਭਾਈ ਗੁਰਮੇਲ ਸਿੰਘ, ਸੁਰਿੰਦਰ ਸਿੰਘ ਗਰੋਵਰ, ਗੁਰਪਾਲ ਸਿੰਘ ਪਾਲੀ, ਰਜਿੰਦਰ ਸਿੰਘ ਬੁੱਟਰ ਆਦਿ ਹਾਜ਼ਰ ਸਨ। ਇਸ ਉਪਰੰਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਧਾਰਮਿਕ ਦੀਵਾਨ ‘ਚ ਹਾਜ਼ਰੀ ਭਰੀ ਅਤੇ ਕੀਰਤਨ ਸਰਵਣ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੋਂ ਇਲਾਵਾ ਸ਼ਹਿਰ ਵਿਚ ਵੀ ਵੱਖ-ਵੱਖ ਥਾਵਾਂ ‘ਤੇ ਸ਼ਹੀਦੀ ਪੁਰਬ ਨੂੰ ਲੈ ਕੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ।
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ)-ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਗਿੱਦੜਬਾਹਾ ਵਿਖੇ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਇਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ (ਹਜ਼ੂਰੀ ਰਾਗੀ ਤਖ਼ਤ ਸ੍ਰੀ ਦਮਦਮਾ ਸਾਹਿਬ) ਵਲੋਂ ਮਨੋਹਰ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਅੱਜ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਵਲੋਂ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਲੋਂ ਸੁਸਾਇਟੀ ਦੀਆਂ ਬੀਬੀਆਂ ਦਾ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਰਾਜਿੰਦਰ ਸਿੰਘ ਪੁਰਬਾ ਵਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਅੱਜ ਦੇ ਸਮਾਗਮ ਤੇ ਅੱਗੇ ਆਉਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਠਾਣਾ ਸਿੰਘ, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਵਜਿੰਦਰਜੀਤ ਸਿੰਘ, ਨਰਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਬਲਬੀਰ ਸਿੰਘ, ਭੁਪਿੰਦਰਪਾਲ ਸਿੰਘ ਬੇਦੀ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ।
ੀ
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਅਜੀਤ ਡੈਸਕ
19-06-2026