ਗਿੱਦੜਬਾਹਾ, 30 ਜੂਨ (ਸ਼ਿਵਰਾਜ ਸਿੰਘ ਬਰਾੜ)-ਅੱਤ ਦੀ ਪੈ ਰਹੀ ਗਰਮੀ ਵਿਚ ਪਾਵਰਕਾਮ ਵਲੋਂ ਅਣ-ਐਲਾਨੇ ਬਿਜਲੀ ਕੱਟਾਂ ਤੋਂ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਅੱਧੀ ਦਰਜਨ ਪਿੰਡਾਂ ਦੇ ਪੀੜਤ ਕਿਸਾਨਾਂ ਵਲੋਂ ਵਿਭਾਗ ਦੇ ਅਧਿਕਾਰੀਆਂ ਕੋਲ ਰੱਜ ਕੇ ਭੜਾਸ ਕੱਢਦਿਆਂ ਮੰਗ ਕੀਤੀ ਕਿ ਖੇਤੀ ਸੰਬੰਧੀ 8 ਘੰਟੇ ਬਿਜਲੀ ਸਪਲਾਈ ਦੇਣਾ ਯਕੀਨੀ ਬਣਾਇਆ ਜਾਵੇ। ਕਿਸਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ ਕਿ ਅੱਤ ਦੀ ਪੈ ਰਹੀ ਗਰਮੀ ਵਿਚ ਸਮੇਂ ਸਿਰ ਝੋਨੇ ਨੂੰ ਪਾਣੀ ਨਾ ਦੇਣ ਕਾਰਨ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਹਲਕੇ ਭਰ ਵਿਚ ਵੱਡੀ ਪੱਧਰ ’ਤੇ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਬਿਜਾਈ ਹੁਣ ਅਖ਼ੀਰਲੇ ਪੜਾਅ ’ਤੇ ਹੈ ਅਤੇ ਬਾਸਮਤੀ ਝੋਨੇ ਦੀ ਬਿਜਾਈ ਕੁਝ ਦਿਨਾਂ ਤੋਂ ਸ਼ੁਰੂ ਹੋ ਜਾਣੀ ਹੈ। ਗਿੱਦੜਬਾਹਾ ਵਿਖੇ ਪਾਵਰਕਾਮ ਦੇ ਐਕਸੀਅਨ ਦਫ਼ਤਰ ਵਿਖੇ ਇਕੱਤਰ ਪਿੰਡ ਥਰਾਜਵਾਲਾ, ਧੌਲਾ, ਲਾਲਬਾਈ, ਪਿੰਡ ਗਿੱਦੜਬਾਹਾ, ਹੁਸਨਰ, ਫਕਰਸਰ ਤੇ ਥੇੜ੍ਹੀ ਆਦਿ ਪਿੰਡਾਂ ਦੇ ਕਿਸਾਨ ਗੁਰਜੀਤ ਸਿੰਘ ਸਮਾਜੀ, ਹਰਚਰਨ ਸਿੰਘ ਸਰਾਂ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਵਿੱਕੀ, ਬਲਜਿੰਦਰ ਸਿੰਘ ਧਾਲੀਵਾਲ, ਬਲਦੇਵ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਖੁਸ਼ਵੀਰ ਸਿੰਘ ਔਲਖ ਅਤੇ ਭੂਰਾ ਸਿੰਘ ਆਦਿ ਸਮੇਤ ਅਨੇਕਾਂ ਹੀ ਕਿਸਾਨਾ ਦਾ ਦੋਸ਼ ਹੈ ਕਿ ਕਈ ਦਿਨਾਂ ਤੋਂ ਬਿਜਲੀ ਸਪਲਾਈ ਵਿਚ ਲੰਮੇ-ਲੰਮੇ ਕੱਟ ਲਗਾਏ ਜਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਨਹਿਰੀ ਪਾਣੀ ਦੇ ਨਾਲ-ਨਾਲ ਟਿਊਬਵੈੱਲਾਂ ਦਾ ਆਸਰਾ ਲੈਣਾ ਪੈਂਦਾ ਹੈ। ਸਰਕਾਰ ਵਲੋਂ ਅਕਸਰ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਖੇਤੀ ਲਈ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਪ੍ਰੰਤੂ ਕਿਸਾਨਾਂ ਨੂੰ ਸੁੱਕ ਰਹੀ ਝੋਨੇ ਦੀ ਫ਼ਸਲ ਕਾਰਨ ਘੋਰ ਸੰਕਟ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਥੇ ਹੀ ਬੱਸ ਨਹੀਂ, ਨਰਮਾ, ਸਬਜ਼ੀਆਂ ਤੇ ਪਸ਼ੂਆਂ ਲਈ ਚਾਰਾ ਵੀ ਸੁੱਕ ਰਿਹਾ ਹੈ। ਪੀੜਤ ਕਿਸਾਨਾਂ ਦਾ ਕਹਿਣਾ ਸੀ ਕਿ ਕਈ ਵਾਰ ਅੱਧਾ ਜਾਂ ਇਕ ਘੰਟਾ ਬਿਜਲੀ ਸਪਲਾਈ ਦੇਣ ਤੋਂ ਤੁਰੰਤ ਬਾਅਦ ਦੋ-ਦੋ ਘੰਟੇ ਬਿਜਲੀ ਦੇ ਕੱਟ ਲੱਗ ਜਾਂਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਕਿਸਾਨਾਂ ਦੀ ਬਿਜਲੀ ਕੱਟ ਵਿਚ ਖ਼ਰਾਬ ਹੋਈ ਬਿਜਲੀ ਦੀ ਸਪਲਾਈ ਪੂਰੀ ਹੀ ਨਹੀਂ ਕੀਤੀ ਜਾਂਦੀ ਅਤੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫ਼ੂਕਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਸਮੇਂ ਸਿਰ ਝੋਨੇ ਦੀ ਫ਼ਸਲ ਨੂੰ ਪਾਣੀ ਤੇ ਖ਼ਾਦ ਆਦਿ ਨਾ ਦਿੱਤਾ ਗਿਆ ਤਾਂ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਐਕਸੀਅਨ ਅਮਨਦੀਪ ਸਿੰਘ ਮਾਨ ਨੇ ਕਿਹਾ ਕਿ ਬਿਜਲੀ ਦੀ ਇਕ-ਦੋ ਦਿਨਾਂ ਤੱਕ ਦੀ ਦਿੱਕਤ ਜ਼ਰੂਰ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਸਮੱਸਿਆ ਆਉਣ ਵਾਲੇ ਦਿਨਾਂ ਵਿਚ ਜ਼ਰੂਰ ਹੱਲ ਕੀਤੀ ਜਾਵੇਗੀ।