ਫ਼ਰੀਦਕੋਟ, 3 ਜੁਲਾਈ (ਸਰਬਜੀਤ ਸਿੰਘ)-ਸਥਾਨਕ ਮੁਹੱਲਾ ਜਾਨੀਆਂ ਦੀ ਸ਼ਹਿਰ ਵਿਚ ਹੀ ਵਿਆਹੀ ਇਕ ਲੜਕੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਪੇਕੇ ਆਈ ਨੂੰ ਦਸਤੀ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕਰਨ ਦੇ ਲੜਕੀ ਵਲੋਂ ਦੋਸ਼ ਲਾਏ ਗਏ ਹਨ। ਪੁਲਿਸ ਵਲੋਂ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਪਤੀ ਸਮੇਤ ਸਹੁਰਾ ਪਰਿਵਾਰ ਦੇ ਪੰਜ ਜੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲ ਦੀ ਘੜੀ ਪੁਲਿਸ ਵਲੋਂ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਕੀਤੀ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਸਿਮਰਨਜੀਤ ਕੌਰ ਨਾਂਅ ਦੀ ਇਕ ਵਿਆਹੁਤਾ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦਾ ਵਿਆਹ ਅੱਠ ਮਹੀਨੇ ਪਹਿਲਾਂ ਹੀ ਫ਼ਰੀਦਕੋਟ ਦੇ ਹੀ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਉਸ ਪਾਸੋਂ ਕਥਿਤ ਤੌਰ ’ਤੇ ਦਾਜ ਦਹੇਜ ਦੀ ਮੰਗ ਅਤੇ ਕੁੱਟਮਾਰ ਕਰਨ ਲੱਗ ਪਿਆ। ਉਸ ਨੇੇ ਦੋਸ਼ ਲਾਇਆ ਕਿ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਹੈ ਜੋ ਪੇਕਿਆਂ ਦਾ ਘਰ ਵੇਚ ਕੇ 5 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਇਸ ਦੇ ਚਲਦੇ ਚਾਰ ਦਿਨ ਪਹਿਲਾਂ ਵੀ ਸਹੁਰਾ ਪਰਿਵਾਰ ਵਲੋਂ ਉਸ ਦੀ ਕੁੱਟਮਾਰ ਕੀਤੀ ਅਤੇ ਉਹ ਆਪਣੇ ਪੇਕੇ ਆ ਗਈ ਅਤੇ ਉਸ ਦੇ ਸਹੁਰਾ ਪਰਿਵਾਰ ਵਲੋਂ ਉਸ ਦੇ ਪੇਕੇ ਘਰ ਆ ਕੇ ਕਥਿਤ ਤੌਰ ’ਤੇ ਆਪਣੇ ਦਸਤੀ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਦੱਸਿਆ ਕਿ ਪੀੜ੍ਹਤ ਵਿਆਹੁਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ ਸੁਰਜੀਤ ਸਿੰਘ, ਸੱਸ ਬੱਬਲੀ ਤੋਂ ਇਲਾਵਾ ਮਨਪ੍ਰੀਤ ਕੌਰ, ਬੂਟਾ ਸਿੰਘ ਅਤੇ ਚਰਨਜੀਤ ਕੌਰ ਖ਼ਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।