ਬਾਜਾਖਾਨਾ, 12 ਜੁਲਾਈ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਕੌਮੀ ਸ਼ਾਹ ਮਾਰਗ ਨੰਬਰ 54 ’ਤੇ ਵਸਦਾ ਹੈ ਅਤੇ ਇੱਥੇ ਚੌਰਸਤਾ ਪੈਂਦਾ ਹੋਣ ਕਰਕੇ ਹਰ ਵੇਲੇ ਚਹਿਲ-ਪਹਿਲ ਰਹਿੰਦੀ ਹੈ ਅਤੇ ਹੁਣ ਫ਼ਲਾਈ ਓਵਰ ਬਣਨ ਨਾਲ ਕਸਬਾ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਇੱਥੇ ਸਥਿਤ ਦੁਕਾਨਦਾਰ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਹੇ ਹਨ ਅਤੇ ਜੇਕਰ ਕਸਬੇ ਦੀ ਸਫ਼ਾਈ ਦੀ ਗੱਲ ਕਰੀਏ ਤਾਂ ਬਹੁਤ ਹੀ ਬੁਰਾ ਹਾਲ ਹੈ ਅਤੇ ਕਸਬੇ ਵਿਚ ਬੇਸ਼ੱਕ ਤਿੰਨ ਗਰਾਮ ਪੰਚਾਇਤਾਂ (ਬਾਜਾਖਾਨਾ ਮੇਨ, ਬਾਜਾਖਾਨਾ ਖੁਰਦ ਅਤੇ ਬਾਜਾਖਾਨਾ ਨਵਾਂ) ਬਣੀਆਂ ਹੋਈਆਂ ਹਨ ਪ੍ਰੰਤੂ ਸਾਫ਼-ਸਫ਼ਾਈ ਲਈ ਕੋਈ ਪ੍ਰਬੰਧ ਨਹੀਂ ਹੈ। ਨਵਾਂ ਬਾਜਾਖਾਨਾ, ਬਾਜਾਖਾਨਾ ਮੇਨ ਅਤੇ ਬਾਜਾਖਾਨਾ ਖੁਰਦ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਸਫ਼ਾਈ ਪੱਖੋਂ ਅਤਿ ਮਾੜਾ ਹਾਲ ਹੈ। ਬਾਜਾਖਾਨਾ ਦੇ ਬਠਿੰਡਾ ਰੋਡ ’ਤੇ ਲੋਕਾਂ ਵਲੋਂ ਆਪਣੀਆਂ ਨਾਜਾਇਜ਼ ਰੂੜੀਆਂ ਲਗਾ ਕੇ ਸਵੱਛ ਭਾਰਤ ਮਹਾਨ ਮੁਹਿੰਮ ਨੂੰ ਠੇਂਗਾ ਦਿਖਾਇਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਕਈ ਲੋਕਾਂ ਵਲੋਂ ਕੌਮੀ ਸ਼ਾਹ ਮਾਰਗ ਨੰਬਰ 54 ਦੀ ਰੋਡ ਦੇ ਨਾਲ ਬਣੀਆਂ ਥੜੀਆਂ ਉੱਪਰ ਪਾਥੀਆਂ ਪੱਥ ਕੇ ਸਵੱਛ ਭਾਰਤ ਮੁਹਿੰਮ ਨੂੰ ਹੋਰ ਚਾਰ ਚੰਦ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਹੀ ਕਸਬੇ ਦੀ ਫ਼ਿਰਨੀ ਦਾ ਵੀ ਬਹੁਤ ਮੰਦਾ ਹਾਲ ਹੈ ਇੱਥੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਸੜਕਾਂ ’ਤੇ ਘੁੰਮਦਾ ਰਹਿੰਦਾ ਹੈ। ਇਸ ਪਾਸੇ ਗੁਰਦੁਆਰਾ ਰਾਮਸਰ ਸਾਹਿਬ, ਡੇਰਾ ਦਿੱਲੀ ਵਾਲਾ, ਸ਼ਮਸ਼ਾਨਘਾਟ, ਸਕੂਲ ਆਦਿ ਹੋਣ ਕਰਕੇ ਖਾਸ ਕਰਕੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ। ਇਨ੍ਹਾਂ ਖਾਲਿਆਂ ਦੀ ਕੋਈ ਸਾਫ਼ ਸਫ਼ਾਈ ਨਾ ਹੁੰਦੀ ਹੋਣ ਕਰਕੇ ਹਰ ਸਮੇਂ ਇਹ ਖਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ, ਕਚਰੇ ਆਦਿ ਨਾਲ ਬੰਦ ਰਹਿੰਦੇ ਹਨ। ਕਸਬੇ ਦੇ ਲੋਕਾਂ ਦੀ ਮੰਗ ਹੈ ਕਿ ਬਾਜਾਖਾਨਾ ਦੀਆਂ ਉਕਤ ਅਹਿਮ ਮੁਸ਼ਕਿਲਾਂ ਦੇ ਹੱਲ ਲਈ ਸੁਹਿਰਦ ਸੋਚ ਅਪਣਾ ਕੇ ਇਨ੍ਹਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਰੇ।
ਬਾਜਾਖਾਨਾ ’ਚ ਸਫ਼ਾਈ ਪੱਖੋਂ ਮੰਦਾ ਹਾਲ, ਰੂੜੀਆਂ ਦੇ ਲੱਗੇ ਢੇਰ
ਅਜੀਤ ਡੈਸਕ
13-07-2026