ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਲੁੱਟਿਆ, 24 ਘੰਟੇ ਬਾਅਦ ਵੀ ਕੇਸ ਦਰਜ ਨਹੀਂ

Ad Position 21
No active advertisement
ਅਜੀਤ ਡੈਸਕ 13-07-2026
ਮੰਡੀ ਕਿੱਲਿਆਂਵਾਲੀ, 12 ਜੁਲਾਈ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਦੇ ਥਾਣਾ ਮੰਡੀ ਕਿੱਲਿਆਂਵਾਲੀ (ਆਰਜੀ) ਖੇਤਰ ਵਿਚ ਲੁਟੇਰੇ-ਬਦਮਾਸ਼ਾਂ ਦੇ ਹੌਂਸਲੇ ਇੰਨੇ ਬੇਖੌਫ਼ ਹੋ ਚੁੱਕੇ ਹਨ ਕਿ ਉਹ ਪੰਜਾਬ ਪੁਲਿਸ ਦੀਆਂ ਅੱਖਾਂ ਸਾਹਮਣੇ ਵੀ ਵਾਰਦਾਤ ਕਰਨ ਤੋਂ ਨਹੀਂ ਡਰਦੇ। ਐਨਐੱਚ-9 ’ਤੇ ਅਬੋਹਰ ਰੋਡ ਟੀ-ਪੁਆਇੰਟ ’ਤੇ ਕੱਲ੍ਹ ਪੰਜਾਬ ਪੁਲਿਸ ਦੀ 112 ਗੱਡੀ ਤੋਂ ਮਹਿਜ਼ 20 ਮੀਟਰ ਦੂਰ ਇਕ ਬਦਮਾਸ਼ ਨੇ ਪਿਸਤੌਲ ਦੀ ਨੋਕ ’ਤੇ ਇਕ ਸੁਪਰਵਾਈਜ਼ਰ ਤੋਂ ਮੋਟਰਸਾਈਕਲ ਲੁੱਟ ਲਿਆ ਅਤੇ ਫਰਾਰ ਹੋ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਲੁੱਟ-ਖੋਹ ਦੀ ਵਾਰਦਾਤ ਦੇ 24 ਘੰਟੇ ਬਾਅਦ ਵੀ ਕਿੱਲਿਆਂਵਾਲੀ ਪੁਲਿਸ ਨੇ ਮੁਕੱਦਮਾ ਦਰਜ ਨਹੀਂ ਕੀਤਾ, ਜਿਸ ਕਾਰਨ ਕਾਨੂੰਨ-ਵਿਵਸਥਾ ਅਤੇ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ। ਲੁੱਟ ਦਾ ਸ਼ਿਕਾਰ ਰਾਜਸਥਾਨ ਦੇ ਬੀਕਾਨੇਰ ਨਿਵਾਸੀ ਭਵਾਨੀ ਸਿੰਘ ਪੁੱਤਰ ਦਲੀਪ ਸਿੰਘ ਹੋਇਆ, ਜੋ ਪਿੰਡ ਸਿੰਘੇਵਾਲਾ ਸਥਿਤ ਸ੍ਰੀ ਸਾਂਈ ਐਗਰੋ ਕਾਟਨ ਫੈਕਟਰੀ ਵਿਚ ਸੁਪਰਵਾਈਜ਼ਰ ਹੈ। ਉਸਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਫੈਕਟਰੀ ਦੇ ਸੀਟੀ-100 ਮੋਟਰਸਾਈਕਲ ਲੈ ਕੇ ਫੈਕਟਰੀ ਤੋਂ ਡੱਬਵਾਲੀ ਜਾ ਰਿਹਾ ਸੀ। ਅਬੋਹਰ ਰੋਡ ਟੀ-ਪੁਆਇੰਟ ’ਤੇ ਸੜਕ ਕਿਨਾਰੇ ਖੜ੍ਹੇ ਇਕ ਨੌਜਵਾਨ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਦੂਜੇ ਪਾਸੇ ਪੁਲਿਸ ਦੀ 112 ਗੱਡੀ ਖੜ੍ਹੀ ਦੇਖ ਕੇ ਉਸਨੇ ਸਮਝਿਆ ਕਿ ਸ਼ਾਇਦ ਪੁਲਿਸ ਸਾਦਾ ਵਰਦੀ ’ਚ ਚੈਕਿੰਗ ਕਰ ਰਹੀ ਹੈ। ਜਿਵੇਂ ਹੀ ਉਨ੍ਹਾਂ ਮੋਟਰਸਾਈਕਲ ਰੋਕਿਆ, ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ। ਪੀੜਤ ਦੇ ਮੁਤਾਬਕ 112 ਗੱਡੀ ਵਿਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਲੁਟੇਰੇ ਦਾ ਪਿੱਛਾ ਵੀ ਕੀਤਾ, ਪਰ ਮੁਲਜ਼ਮ ਹਾਈਵੇ ਛੱਡ ਕੇ ਗਲੀਆਂ ਵਿਚ ਵੜ ਗਿਆ ਅਤੇ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਇੰਟਰਸਟੇਟ ਨਾਕੇ ’ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਵਾਰਦਾਤ ਦੇ ਦੂਜੇ ਦਿਨ ਵੀ ਪੁਲਿਸ ਕਾਰਵਾਈ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਫਰੋਲਣ ਤੋਂ ਅਗਾਂਹ ਨਹੀਂ ਵਧ ਸਕੀ। ਸਥਾਨਕ ਲੋਕਾਂ ਅਨੁਸਾਰ ਲੁਟੇਰੇ ਨੇ ਭਵਾਨੀ ਸਿੰਘ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਮਲੋਟ ਰੋਡ ’ਤੇ ਇਕ ਸਕੂਟੀ ਚਾਲਕ ਅਤੇ ਇਕ ਪੀਟਰ ਰੇਹੜਾ ਚਾਲਕ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਸਕੂਟੀ ਚਾਲਕ ਆਪਣਾ ਵਾਹਨ ਲਾਕ ਕਰਕੇ ਪੁਲਿਸ ਵੱਲ ਭੱਜ ਗਿਆ। ਇਸ ਮਗਰੋਂ ਉਸਨੇ ਭਵਾਨੀ ਸਿੰਘ ਨੂੰ ਆਪਣਾ ਸ਼ਿਕਾਰ ਬਣਾਇਆ। ਲੋਕਾਂ ਦਾ ਕਹਿਣਾ ਹੈ ਕਿ ਜਾਂਚ ਦਾ ਵਿਸ਼ਾ ਹੈ ਕਿ ਥਾਣਾ ਕਿੱਲਿਆਂਵਾਲੀ ਪੁਲਿਸ ਨੇ ਖੇਤਰ ਦੀ ਸੁਰੱਖਿਆ ਆਖ਼ਰ ਕਿਸ ਦੇ ਭਰੋਸੇ ਛੱਡ ਰੱਖੀ ਹੈ। ਉਨ੍ਹਾਂ ਦਾ ਸਵਾਲ ਹੈ ਕਿ ਡਿਊਟੀ ਦੌਰਾਨ ਥਾਣੇ ਦਾ ਸਟਾਫ ਕਿੱਥੇ ਰਹਿੰਦਾ ਹੈ, ਖੇਤਰ ਵਿਚ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਲੋਕਾਂ ਨੇ ਪੂਰੇ ਥਾਣਾ ਸਟਾਫ ਦੇ ਤਬਾਦਲੇ ਦੀ ਮੰਗ ਉਠਾਈ ਹੈ। ਪੀੜਤ ਭਵਾਨੀ ਸਿੰਘ ਦਾ ਦੋਸ਼ ਹੈ ਕਿ ਵਾਰਦਾਤ ਉਪਰੰਤ ਪੁਲਿਸ ਨੇ ਮੁਕੱਦਮਾ ਦਰਜ ਕਰਨ ਦੀ ਬਜਾਏ ਸ਼ਿਕਾਇਤ ਦੀ ਕਾਪੀ ਦੇ ਪਿੱਛੇ ਜਾਂਚ ਅਧਿਕਾਰੀ ਏਐੱਸਆਈ ਦਾ ਮੋਬਾਈਲ ਨੰਬਰ ਲਿਖ ਕੇ ਦੇ ਦਿੱਤਾ। ਥਾਣਾ ਮੁਖੀ ਕਰਮਜੀਤ ਕੌਰ ਦਾ ਮੋਬਾਇਲ ਨੰਬਰ ਕਾਲ ਫਾਰਵਰਡ ’ਤੇ ਲੱਗਿਆ ਆਉਂਦਾ ਰਿਹਾ। ਏਐੱਸਆਈ ਮੋਹਨ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ ਅਤੇ ਪੜਤਾਲ ਕਰਕੇ ਮੁਕੱਦਮਾ ਵੀ ਦਰਜ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਰਿਸ਼ੀ ਮਾਡਲ ਸਕੂਲ ’ਚ ਦੋ ਰੋਜ਼ਾ ‘ਗਣਿਤ’ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਗੈਰ-ਮਿਆਰੀ ਬਣੀ ਸੜਕ ਬੁਰੀ ਤਰ੍ਹਾਂ ਟੁੱਟੀ
Ad Position 24
No active advertisement