ਬਰਗਾੜੀ, 14 ਜੁਲਾਈ (ਲਖਵਿੰਦਰ ਸ਼ਰਮਾ)-ਸਬ ਡਵੀਜਨ ਬਰਗਾੜੀ ਦੇ ਸਮੂਹ ਬਿਜਲੀ ਮੁਲਾਜ਼ਮਾਂ ਵਲੋਂ ਸਾਂਝਾ ਫ਼ੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋ. ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਇੰਪਲਾਈਜ, ਪਾਵਰਕਾਮ ਅਤੇ ਪੈਨਸ਼ਨਰ ਯੂਨੀਅਨ, ਪੈਨਸ਼ਨਰ ਵੈਲਫੇਅਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਪਾਵਰਕਾਮ ਅਤੇ ਪੰਜਾਬ ਸਰਕਾਰ ਵਿਰੁੱਧ ਭਰਵੀਂ ਰੋਸ ਰੈਲੀ ਕੀਤੀ ਗਈ ਜਿਸ ਨੂੰ ਟੀ ਐਸ ਯੂ ਦੇ ਪ੍ਰਧਾਨ ਯਾਦਵਿੰਦਰ ਸ਼ਰਮਾ, ਪ੍ਰਧਾਨ ਨਵ ਸ਼ਰਮਾ, ਫੈਡਰੇਸ਼ਨ ਪ੍ਰਧਾਨ ਜਸਵਿੰਦਰ ਸਿੰਘ ਗੁਰਵਿੰਦਰ ਸਿੰਘ, ਕੁਲਦੀਪ ਸਿੰਘ ਮੱਤਾ, ਐਮ ਐਸ ਯੂ ਪ੍ਰਧਾਨ ਅਕਾਸ਼ ਗਰਗ, ਜਸਵੀਰ ਸਿੰਘ ਸਰਾਵਾਂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕਾਮ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਅਨੇਕਾਂ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਮੁਲਾਜ਼ਮਾਂ ਦੇ ਸਿਵਾਏ ਲਾਰਿਆਂ ਅਤੇ ਭਰੋਸਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਾਇਆ ਗਿਆ। ਮੁਲਾਜ਼ਮਾਂ ਦੀਆਂ ਅਜੇ ਤੱਕ ਜਾਇਜ਼ ਮੰਗਾਂ ਮੰਨੀਆਂ ਨਹੀਂ ਗਈਆਂ। ਪਾਵਰਕਾਮ ਦੇ ਸੀ.ਐਮ.ਡੀ ਬਸੰਤ ਗਰਗ ਦੇ ਅੜੀਅਲ ਵਤੀਰੇ ਕਾਰਨ ਪੰਜਾਬ ਭਰ ਦੇ ਮੁਲਾਜ਼ਮਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ। ਗੁੰਗੀ ਬੋਲੀ ਪਾਵਰਕਾਮ ਅਤੇ ਪੰਜਾਬ ਸਰਕਾਰ ਦੇ ਕੰਨ ਖੋਲ੍ਹਣ ਅਤੇ ਸਿਆਸੀ ਆਧਾਰ ’ਤੇ ਕੀਤੀਆਂ ਨਾਜਾਇਜ਼ ਬਦਲੀਆਂ ਵਿਰੁੱਧ ਸਮੂਹ ਬਿਜਲੀ ਮੁਲਾਜ਼ਮ 21 ਅਤੇ 22 ਜੁਲਾਈ ਨੂੰ ਸਮੂਹਿਕ ਛੁੱਟੀ ’ਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਲ ਫ਼ਰੀਦਕੋਟ ਅਧੀਨ ਇਕ ਇਮਾਨਦਾਰ ਐਸ.ਡੀ.ਓ ਜਗਰੂਪ ਸਿੰਘ ਦੀ ਬਦਲੀ ਆਮ ਆਦਮੀ ਪਾਰਟੀ ਦੇ ਬੱਧਨੀ ਕਲਾਂ ਦੇ ਵਿਧਾਇਕ ਦੇ ਕਹਿਣ ’ਤੇ ਨਾਜਾਇਜ਼ ਕੀਤੀ ਗਈ ਹੈ ਅਤੇ ਇਸ ਤਰਾਂ ਦੀ ਸਿਆਸੀ ਵਧੀਕੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਤੁਰੰਤ ਅਜਿਹੀਆਂ ਸਿਆਸੀ ਆਧਾਰ ’ਤੇ ਕੀਤੀਆਂ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਸਮੂਹ ਬਿਜਲੀ ਮੁਲਾਜ਼ਮ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਸਾਰੇ ਪਿੰਡਾਂ ਵਿਚ ਝੰਡਾ ਮਾਰਚ ਕਰਨਗੇ ਅਤੇ ਇਸ ਸੰਘਰਸ਼ ਨੂੰ ਇਨਸਾਫ ਮਿਲਣ ਤੱਕ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਬ ਡਵੀਜਨ ਬਰਗਾੜੀ ਦੇ ਸਮੂਹ ਬਿਜਲੀ ਮੁਲਾਜ਼ਮ ਆਦਿ ਹਾਜ਼ਰ ਸਨ।
ਬਿਜਲੀ ਮੁਲਾਜ਼ਮਾਂ ਨੇ ਬਰਗਾੜੀ ਵਿਖੇ ਕੀਤੀ ਭਰਵੀਂ ਰੋਸ ਰੈਲੀ
ਅਜੀਤ ਡੈਸਕ
15-07-2026