ਜੈਤੋ, 14 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋੜੀਕਪੂਰਾ ਵਿਖੇ ਆਰ.ਐਸ. ਲਾਈਫ ਲਾਈਨ ਹਸਪਤਾਲ ਮੁਕਤਸਰ ਰੋਡ ਜੈਤੋ ਦੇ ਡਾ. ਸੁਖਪ੍ਰੀਤ ਪੰਵਾਰ ਵਲੋਂ ਆਪਣੀ ਟੀਮ ਸਮੇਤ ਦਿਲ ਦਾ ਦੌਰਾ ਅਤੇ ਸੀ.ਪੀ.ਆਰ. ਸਬੰਧੀ ਵਿਹਾਰਕ ਟਰੇਨਿੰਗ ਦਿੱਤੀ ਗਈ। ਡਾ. ਸੁਖਪ੍ਰੀਤ ਪੰਵਾਰ ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਆ ਜਾਵੇ ਜਾਂ ਉਸ ਦੀ ਦਿਲ ਦੀ ਧੜਕਣ ਬੰਦ ਹੋ ਜਾਵੇ ਤਾਂ ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਸਹੀ ਤਰੀਕੇ ਨਾਲ ਸੀ.ਪੀ.ਆਰ. ਦੇ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਹਾਜ਼ਰੀਨ ਨੂੰ ਸੀ.ਪੀ.ਆਰ. ਦੇ ਸਹੀ ਤਰੀਕੇ ਅਤੇ ਐਮਰਜੈਂਸੀ ਸਮੇਂ ਵਰਤੀਆਂ ਜਾਣ ਵਾਲੀਆਂ ਮੁੱਢਲੀਆਂ ਸਾਵਧਾਨੀਆਂ ਬਾਰੇ ਵੀ ਜਾਣੂ ਕਰਵਾਇਆ। ਪ੍ਰੋਗਰਾਮ ਦੇ ਅੰਤ ਵਿਚ ਸੈਂਟਰ ਮੁੱਖ ਅਧਿਆਪਕ ਰਣਜੀਤ ਸਿੰਘ ਨੇ ਡਾ. ਸੁਖਪ੍ਰੀਤ ਪੰਵਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਕੂਲ ਵਿਚ ਆ ਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਜੀਵਨ ਰੱਖਿਆ ਨਾਲ ਸੰਬੰਧਿਤ ਅਹਿਮ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਮਾਲਵਾ ਡਾਇਗਨੋਸਟਿਕ ਸੈਂਟਰ, ਰੇਲਵੇ ਫਾਟਕ ਜੈਤੋ, ਸਿਮਰਨਪ੍ਰੀਤ ਕੌਰ ਖੱਚੜਾਂ, ਸ੍ਰੀ ਸੰਤ ਰਾਮ ਅਤੇ ਜਸਮੀਤ ਕੌਰ ਜੈਤੋ, ਰਾਕੇਸ਼ ਕੁਮਾਰ, ਗੁਰਸੇਵਕ ਸਿੰਘ, ਪ੍ਰਵੀਨ ਰਾਣੀ, ਸ਼ਾਲੂ ਰਾਣੀ, ਸੁਖਪਾਲਜੀਤ ਕੌਰ ਅਤੇ ਬੀਬੀ ਸੁਖਬੀਰ ਕੌਰ ਸਮੇਤ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।