ਗਿੱਦੜਬਾਹਾ, 14 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਚੋਰੀ ਦੇ ਮਾਮਲੇ ਵਿਚ 2 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਦੋਂਕਿ ਮੁਕੱਦਮੇ ਵਿਚ ਨਾਮਜ਼ਦ ਕਥਿਤ ਦੋਸ਼ੀਆਨ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜਾਣਕਾਰੀ ਅਨੁਸਾਰ ਥਾਣਾ ਗਿੱਦੜਬਾਹਾ ਪੁਲਿਸ ਨੂੰ ਮੁਖ਼ਬਰ ਪਾਸੋਂ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ਼ ਗੁਰੀ ਪੁੱਤਰ ਧੀਰਾ ਸਿੰਘ ਵਾਸੀ ਪਿੰਡ ਮਿੱਡੂਖੇੜਾ ਅਤੇ ਰਾਜਨ ਸਿੰਘ ਉਰਫ਼ ਕਰਨ ਪੁੱਤਰ ਹਰੀ ਪਾਲ ਸਿੰਘ ਵਾਸੀ ਜੈਤੋ ਰੋਡ ਕੋਟਕਪੂਰਾ ਹਾਲ ਵਾਸੀਆਨ ਅੰਬੇਦਕਰ ਨਗਰ ਗਿੱਦੜਬਾਹਾ, ਜੋ ਕਿਰਾਏ ਦੇ ਮਕਾਨ ਵਿਚ ਅੰਬੇਦਕਰ ਨਗਰ ਗਿੱਦੜਬਾਹਾ ਵਿਖੇ ਰਹਿੰਦੇ ਹਨ, ਆਸਪਾਸ ਦੇ ਗੋਦਾਮਾਂ ਵਿਚੋਂ ਕਣਕ ਚੋਰੀ ਕਰਨ ਤੋਂ ਇਲਾਵਾ ਹੋਰ ਚੋਰੀਆਂ ਕਰਨ ਦੇ ਆਦੀ ਹਨ। ਉਕਤ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਗਿੱਦੜਬਾਹਾ ਪੁਲਿਸ ਨੇ ਉਕਤ ਗੁਰਪ੍ਰੀਤ ਸਿੰਘ ਉਰਫ਼ ਗੁਰੀ ਅਤੇ ਰਾਜਨ ਸਿੰਘ ਉਰਫ਼ ਕਰਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।