ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਹਰਮਹਿੰਦਰ ਪਾਲ)-ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾ.) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨ 2026 ਵਿਚ ਹੋਈ ਅਗਨੀਵੀਰ ਆਰਮੀ ਭਰਤੀ ਦੀ ਲਿਖ਼ਤੀ ਪ੍ਰੀਖਿਆ ਦਾ ਨਤੀਜਾ ਜਾਰੀ ਹੋ ਚੁੱਕਾ ਹੈ। ਜਿਹੜੇ ਨੌਜਵਾਨ ਲਿਖ਼ਤੀ ਪ੍ਰੀਖਿਆ ਵਿਚ ਸਫ਼ਲ ਰਹੇ ਹਨ ਅਤੇ ਫ਼ਿਜੀਕਲ ਟੈੱਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਦੇ ਨੌਜਵਾਨਾਂ ਲਈ ਫ਼ਿਜੀਕਲ ਟੈੱਸਟ ਦੀ ਮੁਫ਼ਤ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਹ ਟ੍ਰੇਨਿੰਗ ਸੀ-ਪਾਈਟ ਅਤੇ ਭਾਰਤੀ ਫ਼ੌਜ ਦੇ ਤਜ਼ਰਬੇਕਾਰ ਸਟਾਫ਼ ਵਲੋਂ ਦਿੱਤੀ ਜਾ ਰਹੀ ਹੈ ਤਾਂ ਜੋ ਉਮੀਦਵਾਰ ਭਰਤੀ ਰੈਲੀ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਣ। ਉਨ੍ਹਾਂ ਕਿਹਾ ਕਿ ਅਗਨੀਵੀਰ ਆਰਮੀ ਭਰਤੀ ਰੈਲੀ 18 ਅਗਸਤ 2026 ਤੋਂ ਸ਼ੁਰੂ ਹੋਣੀ ਹੈ। ਫ਼ਿਜੀਕਲ ਟੈੱਸਟ ਦੀ ਤਿਆਰੀ ਲਈ ਸਮਾਂ ਘੱਟ ਹੋਣ ਕਾਰਨ ਯੋਗ ਉਮੀਦਵਾਰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦਾ ਲਾਭ ਉਠਾਉਂਦੇ ਹੋਏ ਤੁਰੰਤ ਕੈਂਪ ਵਿਚ ਦਾਖ਼ਲਾ ਲੈਣ। ਉਨ੍ਹਾਂ ਦੱਸਿਆ ਕਿ ਨੌਜਵਾਨ ਸਵੇਰੇ 9 ਵਜੇ ਤੋਂ 11:30 ਵਜੇ ਤੱਕ ਕੈਂਪ ਵਿਚ ਪਹੁੰਚ ਕੇ ਆਪਣਾ ਦਾਖ਼ਲਾ ਕਰਵਾ ਸਕਦੇ ਹਨ। ਕੈਂਪ ਵਿਚ ਆਉਣ ਸਮੇਂ ਉਮੀਦਵਾਰ ਆਪਣੇ ਨਾਲ ਆਨਲਾਈਨ ਰਜਿਸਟ੍ਰੇਸ਼ਨ ਦੀ ਕਾਪੀ, ਦਸਵੀਂ ਜਮਾਤ ਦਾ ਅਸਲ ਸਰਟੀਫ਼ਿਕੇਟ ਤੇ ਉਸ ਦੀ ਫ਼ੋਟੋ ਕਾਪੀ, ਪੰਜਾਬ ਰਿਹਾਇਸ਼ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ (ਜੇ ਲਾਗੂ ਹੋਵੇ), ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ (ਖਾਤਾ ਚਾਲੂ ਹੋਵੇ), ਇਕ ਪਾਸਪੋਰਟ ਸਾਈਜ਼ ਫ਼ੋਟੋ, ਇਕ ਕਾਪੀ, ਇਕ ਪੈਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਨਾਲ ਲਿਆਉਣ। ਕੈਪਟਨ (ਰਿਟਾ.) ਗੁਰਦਰਸ਼ਨ ਸਿੰਘ ਨੇ ਕਿਹਾ ਕਿ ਕੈਂਪ ਦੌਰਾਨ ਰਹਿਣ ਤੇ ਖਾਣ ਦੀ ਪੂਰੀ ਸਹੂਲਤ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ ਅਤੇ ਫ਼ਿਜੀਕਲ ਟ੍ਰੇਨਿੰਗ ਲਈ ਕਿਸੇ ਵੀ ਤਰ੍ਹਾਂ ਦੀ ਫ਼ੀਸ ਨਹੀਂ ਲਈ ਜਾਵੇਗੀ।