ਮਲੋਟ, 15 ਜੁਲਾਈ (ਪਾਟਿਲ)-ਮਲੋਟ ਦੇ ਰੇਲਵੇ ਲਾਈਨ ਨੇੜੇ ਸਥਿਤ ਸ਼ਿਵਪੁਰੀ ਇਲਾਕੇ ਵਿਚ ਅੱਜ ਅਚਾਨਕ ਅੱਗ ਲੱਗ ਗਈ, ਜੋ ਤੇਜ਼ੀ ਨਾਲ ਫ਼ੈਲਦੀ ਹੋਈ ਸ਼ਿਵਪੁਰੀ ਦੀ ਇਮਾਰਤ ਵੱਲ ਵਧਣ ਲੱਗੀ। ਸੂਚਨਾ ਮਿਲਦੇ ਹੀ ਫਾਇਰ ਅਫ਼ਸਰ ਹਰਜੀਤ ਸਿੰਘ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਤੁਰੰਤ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ। ਅੱਗ ਸ਼ਿਵਪੁਰੀ ਵਿਖੇ ਪਈਆਂ ਲੱਕੜਾਂ ਤੱਕ ਵੀ ਪਹੁੰਚ ਗਈ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਵਲੋਂ ਇੱਕ ਹੋਰ ਗੱਡੀ ਮੌਕੇ ’ਤੇ ਭੇਜੀ ਗਈ, ਜਿਸ ਦੀ ਮਦਦ ਨਾਲ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ। ਟੀਮ ਦੀ ਮੁਸਤੈਦੀ ਸਦਕਾ ਆਸਪਾਸ ਦੇ ਇਲਾਕੇ ਨੂੰ ਵੀ ਕਿਸੇ ਵੱਡੇ ਨੁਕਸਾਨ ਤੋਂ ਬਚਾ ਲਿਆ ਗਿਆ। ਫਾਇਰ ਅਫ਼ਸਰ ਹਰਜੀਤ ਸਿੰਘ ਨੇ ਦੱਸਿਆ ਕਿ ਅੱਗ ਕਾਫ਼ੀ ਤੇਜ਼ੀ ਨਾਲ ਫ਼ੈਲ ਰਹੀ ਸੀ। ਜੇਕਰ ਫਾਇਰ ਬ੍ਰਿਗੇਡ ਦੀ ਟੀਮ ਸਮੇਂ ਸਿਰ ਮੌਕੇ ’ਤੇ ਨਾ ਪਹੁੰਚਦੀ ਤਾਂ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਟੀਮ ਦੀ ਤੁਰੰਤ ਅਤੇ ਸੁਚੱਜੀ ਕਾਰਵਾਈ ਕਾਰਨ ਸੰਭਾਵਿਤ ਵੱਡਾ ਹਾਦਸਾ ਟਲ ਗਿਆ।