02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸ੍ਰੀ ਮੁਕਤਸਰ ਸਾਹਿਬ ਦੇ ਨਵੇਂ ਬਣੇ ਆਧੁਨਿਕ ਰੇਲਵੇ ਸਟੇਸ਼ਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਚੂਅਲ ਉਦਘਾਟਨ

Ad Position 21
No active advertisement
ਅਜੀਤ ਡੈਸਕ 18-07-2026

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਸ੍ਰੀ ਅਨੰਦਪੁਰ ਸਾਹਿਬ, ਮੁਹਾਲੀ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਣੇ ਨਵੇਂ ਆਧੁਨਿਕ ਰੇਲਵੇ ਸਟੇਸ਼ਨਾਂ ਦਾ ਵਰਚੂਅਲੀ ਉਦਘਾਟਨ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 21.24 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਵਿਕਸਿਤ ਕੀਤਾ ਗਿਆ ਸੀ, ਜਿਸ ਦਾ ਅੱਜ ਜਲੰਧਰ ਕੈਂਟ ਤੋਂ ਵਰਚੂਅਲ ਮਾਧਿਅਮ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਦਘਾਟਨ ਕੀਤਾ ਗਿਆ, ਜਦਕਿ ਰੇਲਵੇ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਵਲੋਂ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਸਕੂਲੀ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਡੈਵੀ ਗੋਇਲ, ਐੱਸ.ਡੀ.ਐੱਮ. ਗੁਰਕਰਨਦੀਪ ਸਿੰਘ ਸਿੱਧੂ, ਭਾਜਪਾ ਆਗੂ ਕੁਲਦੀਪ ਸਿੰਘ ਭੰਗੇਵਾਲਾ, ਅਸ਼ਵਨੀ ਗਿਰਧਰ, ਸਤੀਸ਼ ਭਟੇਜਾ, ਰਾਜ ਕੁਮਾਰ ਮੇਲੂ ਭਟੇਜਾ, ਸਮਾਜ ਸੇਵਕ ਸ਼ਾਮ ਲਾਲ ਗੋਇਲ, ਗੋਬਿੰਦ ਸਿੰਘ ਦਾਬੜਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਸੰਜੀਵ ਖੇੜਾ, ਭਾਜਪਾ ਆਗੂ ਪਰਮਿੰਦਰ ਸਿੰਘ ਪਾਸ਼ਾ, ਅਨੁਰਾਗ ਸ਼ਰਮਾ ਐਡਵੋਕੇਟ, ਅਖਿਲ ਭਾਰਤੀ ਸਮੇਤ ਹੋਰ ਪਾਰਟੀ ਆਗੂ ਤੇ ਵਰਕਰਾਂ ਤੋਂ ਇਲਾਵਾ ਰੇਲਵੇ ਦੇ ਉਚ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਕਾਕਾ ਬਰਾੜ ਅਤੇ ਰਾਜੇਸ਼ ਗੋਰਾ ਪਠੇਲਾ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਪੁਨਰ ਵਿਕਸਿਤ ਕਰਨ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰੇਲਵੇ ਮੰਤਰੀ ਦਾ ਧੰਨਵਾਦ ਕੀਤਾ ਗਿਆ। ਜਲੰਧਰ ਕੈਂਟ ਤੋਂ ਵਰਚੂਅਲ ਮਾਧਿਅਮ ਰਾਹੀਂ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਵਰਚੂਅਲ ਉਦਘਾਟਨੀ ਸਮਾਗਮ ਨੂੰ ਵੱਡੀਆਂ ਸਕਰੀਨਾਂ ’ਤੇ ਹਾਜ਼ਰ ਲੋਕਾਂ ਵਲੋਂ ਵੇਖਿਆ ਗਿਆ। ਸਮਾਗਮ ਵਿਚ ਵੱਡੀਆਂ ਸਕਰੀਨਾਂ ਲਗਾ ਕੇ ਜਲੰਧਰ ਕੈਂਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਤੇ ਉਦਘਾਟਨੀ ਸਮਾਗਮ ਸਮੇਤ ਸਾਰੇ ਪ੍ਰੋਗਰਾਮ ਨੂੰ ਪ੍ਰਸਾਰਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਦੇ ਪ੍ਰੈੱਸ ਸਕੱਤਰ ਅਨੁਰਾਗ ਸ਼ਰਮਾ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਪੁਨਰ ਵਿਕਸਿਤ ਕਰਨਾ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਚਰਨਛੋਹ ਪ੍ਰਾਪਤ ਅਤੇ 40 ਮੁਕਤਿਆਂ ਦੀ ਇਸ ਧਰਤੀ ’ਤੇ ਰੇਲਵੇ ਸਟੇਸ਼ਨ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਹੀ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਕੇਂਦਰ ਸਰਕਾਰ ਵਲੋਂ ਵੱਡੀ ਰਕਮ ਖ਼ਰਚ ਕਰਕੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਲਿਆ ਕੇ ਚੰਗਾ ਕਦਮ ਚੁੱਕਿਆ ਗਿਆ, ਜਿਸ ਨਾਲ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲਵੇ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਹੋਏ ਸਮਾਗਮ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਸਫ਼ਾਈ ਸੇਵਕਾਂ ਦਾ ਸੰਘਰਸ਼ 10ਵੇਂ ਦਿਨ ’ਚ ਦਾਖ਼ਲ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਅੱਜ ਜਨਮ ਦਿਨ 'ਤੇ ਵਿਸ਼ੇਸ਼ ਚਰਚਿਤ ਸ਼ਖ਼ਸੀਅਤ ਨੈਲਸਨ ਮੰਡੇਲਾ
Ad Position 24
No active advertisement