ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਐੱਸ.ਐੱਸ.ਪੀ. ਅਭਿਮਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਅੰਦਰ ਵਿਸ਼ੇਸ਼ ਅਚਨਚੇਤ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦਾ ਮੁੱਖ ਉਦੇਸ਼ ਜੇਲ੍ਹ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣਾ, ਗ਼ੈਰ-ਕਾਨੂੰਨੀ ਗਤੀਵਿਧੀਆਂ ’ਤੇ ਰੋਕ ਲਗਾਉਣਾ ਅਤੇ ਕਿਸੇ ਵੀ ਅਪਰਾਧਿਕ ਨੈੱਟਵਰਕ ਨੂੰ ਨਾਕਾਮ ਕਰਨਾ ਸੀ। ਇਹ ਸਰਚ ਅਭਿਆਨ ਜੇਲ੍ਹ ਸੁਪਰਡੈਂਟ ਪੁਨੀਤ ਗਰਗ ਅਤੇ ਡੀ.ਐੱਸ.ਪੀ. ਬਚਨ ਸਿੰਘ ਦੀ ਅਗਵਾਈ ਹੇਠ ਚਲਾਇਆ ਗਿਆ। ਇੰਸਪੈਕਟਰ ਹਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਐੱਸ.ਆਈ. ਜਗਸੀਰ ਸਿੰਘ ਮੁੱਖ ਅਫ਼ਸਰ ਥਾਣਾ ਬਰੀਵਾਲਾ ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋਂ 65 ਤੋਂ ਵੱਧ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਕਾਰਵਾਈ ਵਿੱਚ ਹਿੱਸਾ ਲਿਆ। ਸਰਚ ਦੌਰਾਨ ਜੇਲ੍ਹ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਹਰ ਗਤੀਵਿਧੀ ’ਤੇ ਸਖ਼ਤ ਨਿਗਰਾਨੀ ਰੱਖੀ ਗਈ। ਜੇਲ੍ਹ ਦੀਆਂ ਸਾਰੀਆਂ ਬੈਰਕਾਂ, ਵਾਰਡਾਂ ਤੇ ਸੰਵੇਦਨਸ਼ੀਲ ਸਥਾਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਕੈਦੀਆਂ ਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਲੈ ਕੇ ਉਨ੍ਹਾਂ ਦੇ ਸਮਾਨ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਜੇਲ੍ਹ ਦੇ ਅੰਦਰੂਨੀ ਤੇ ਬਾਹਰੀ ਆਵਾਜਾਈ ਮਾਰਗਾਂ ’ਤੇ ਸੁਰੱਖਿਆ ਹੋਰ ਮਜ਼ਬੂਤ ਕੀਤੀ ਗਈ। ਕੁਝ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕਰਕੇ ਸੰਭਾਵਿਤ ਗ਼ੈਰ-ਕਾਨੂੰਨੀ ਗਤੀਵਿਧੀਆਂ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਗਈ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਵਲੋਂ ਸਾਂਝੇ ਤੌਰ ’ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ ਅਤੇ ਜਿੱਥੇ ਲੋੜ ਮਹਿਸੂਸ ਹੋਈ, ਉੱਥੇ ਹੋਰ ਸੁਧਾਰਾਤਮਕ ਕਦਮ ਚੁੱਕਣ ਲਈ ਨਿਰਦੇਸ਼ ਜਾਰੀ ਕੀਤੇ ਗਏ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਲ੍ਹ ਅੰਦਰ ਬੰਦ ਗੈਂਗਸਟਰਾਂ, ਨਸ਼ਾ ਤਸਕਰਾਂ ਜਾਂ ਹੋਰ ਅਪਰਾਧਿਕ ਤੱਤਾਂ ਵਲੋਂ ਬਾਹਰੀ ਸੰਪਰਕ ਬਣਾਉਣ ਜਾਂ ਗ਼ੈਰ-ਕਾਨੂੰਨੀ ਗਤੀਵਿਧੀਆਂ ਚਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਲ੍ਹਾਂ ਅੰਦਰ ਮੋਬਾਈਲ ਫ਼ੋਨ, ਸਿੰਮ ਕਾਰਡ, ਨਸ਼ੀਲੇ ਪਦਾਰਥਾਂ ਜਾਂ ਹੋਰ ਗ਼ੈਰ-ਕਾਨੂੰਨੀ ਸਮੱਗਰੀ ਦੀ ਤਸਕਰੀ ਰੋਕਣ ਲਈ ਵਿਸ਼ੇਸ਼ ਇੰਟੈਲੀਜੈਂਸ ਮਕੈਨਿਜ਼ਮ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਹਰ ਸਰਚ ਤੋਂ ਬਾਅਦ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਂਦੀ ਹੈ।