ਫ਼ਰੀਦਕੋਟ, 22 ਜੁਲਾਈ (ਸਰਬਜੀਤ ਸਿੰਘ)-ਬਾਬਾ ਫ਼ਰੀਦ ਯੂਨੀਵਿਰਸਿਟੀ ਆਫ਼ ਹੈਲਥ ਐਂਡ ਸਾਇੰਸਿਜ਼ ਫ਼ਰੀਦਕੋਟ ਵਲੋਂ ਐਤਵਾਰ ਨੂੰ ਫ਼ਰੀਦਕੋਟ ਵਿਚ ਬਣਾਏ ਗਏ ਇਮਤਿਹਾਨ ਕੇਂਦਰਾਂ ਵਿਚ ਹੋਈ ਫ਼ਾਰਮੇਸੀ ਅਧਿਕਾਰੀਆਂ ਦੀ ਪ੍ਰੀਖਿਆ ਵਿਚ ਇਲੈਟ੍ਰਾਨਿਕ ਯੰਤਰਾਂ (ਬਲਿਊਟੁੱਥ) ਨਾਲ ਨਕਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਫ਼ਰੀਦਕੋਟ ਪੁਲਿਸ ਵਲੋਂ ਅੱਠ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਕਥਿਤ ਦੋਸ਼ੀ ਗੌਰਵ ਚੌਹਾਨ ਪੁੱਤਰ ਸੁਰੇਸ਼ ਕੁਮਾਰ ਵਾਸੀ ਕਾਲਾ ਮੱਝ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ, ਅਕਾਸ਼ਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਸੈਕਟਰ ਨੰਬਰ 23 ਚੰਡੀਗੜ੍ਹ, ਰਿੰਕੂ ਪੁੱਤਰ ਜੀਵਨ ਰਾਮ ਵਾਸੀ ਚੰਦ ਚੌਵਾਲੀ ਢਾਬ ਜ਼ਿਲ੍ਹਾ ਫ਼ਾਜ਼ਿਲਕਾ, ਕੁਲਵਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਲੱਖਾ ਹਾਜੀ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ, ਸੰਦੀਪ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਸੈਕਟਰ ਨੰਬਰ 63 ਮੋਹਾਲੀ, ਗੁਰਸੇਵਕ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ, ਲਵਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਲੱਕਾ ਹਾਜੀ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ, ਸਤਨਾਮ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਬਾਰੇਵਾਲਾ ਸਦਰ ਫ਼ਾਜ਼ਿਲਕਾ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਪੁਲਿਸ ਵਲੋਂ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਅਜੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਇਸ ਇਮਤਿਹਾਨ ਨੂੰ ਲੈ ਕੇ ਇਕ ਨਵਾਂ ਹੋਰ ਵਿਵਾਦ ਛਿੜ ਗਿਆ ਹੈ। ਇਥੋਂ ਦੇ ਇਕ ਪ੍ਰੀਖਿਆ ਕੇਂਦਰ ਦੇ ਪਿ੍ਸੀਪਲ ਵਲੋਂ ਕਥਿਤ ਤੌਰ ’ਤੇ ਆਪਣੇ ਹੀ ਰਿਸ਼ਤੇਦਾਰਾਂ ਦੀ ਡਿਊਟੀ ਲਗਵਾ ਕੇ ਕੁਝ ਉਮੀਦਵਾਰਾਂ ਨੂੰ ਇਮਤਿਹਾਨ ਕਰਵਾਉਣ ’ਚ ਮਦਦ ਕਰਨ ਦੇ ਦੋਸ਼ ਲੱਗੇ ਹਨ ਅਤੇ ਇਹ ਉਮੀਦਵਾਰ ਜ਼ਿਲ੍ਹੇ ਦੇ ਹੀ ਦੋ ਵਿਧਾਇਕਾਂ ਦੇ ਚਹੇਤੇ ਦੱਸੇ ਜਾਂਦੇ ਹਨ, ਜਿਨ੍ਹਾਂ ਨੂੰ ਪਾਸ ਕਰਵਾਉਣ ਲਈ ਪਿ੍ਸੀਪਲ, ਸਿੱਖਿਆ ਵਿਭਾਗ ਅਤੇ ਵਿਧਾਇਕਾਂ ਦੀ ਕਥਿਤ ਮਿਲੀ ਭੁਗਤ ਨਾਲ ਇਸ ਸੈਂਟਰ ਵਿਚ ਨਕਲ ਨੂੰ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਸਥਾਨਕ ਮਹਿੰਦਰ ਸਿੰਘ ਸਾਂਬੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਦੀਪਕ ਸਿੰਘ ਵਲੋਂ ਆਪਣੇ ਨੇੜਲੇ ਰਿਸ਼ਤੇਦਾਰਾਂ ਜਿਸ ਵਿਚ ਛਿੰਦਰਪਾਲ ਸਿੰਘ ਭਰਾ, ਅਮਨਜੋਤ ਕੌਰ ਭਰਜਾਈ, ਤੇਜਿੰਦਰ ਕੌਰ ਭੈਣ, ਸਤਵਿੰਦਰ ਸਿੰਘ ਜੀਜਾ, ਜਸਵਿੰਦਰ ਸਿੰਘ ਜੀਜੇ ਦਾ ਭਰਾ ਅਤੇ ਦੋ ਨੇੜਲੇ ਮਿੱਤਰ ਹਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੀ ਇਸ ਸੈਂਟਰ ਵਿਚ ਡਿਊਟੀ ਲਗਵਾਈ ਗਈ ਅਤੇ ਫ਼ਰੀਦਕੋਟ ਦੇ ਹੀ ਦੋ ਵਿਧਾਇਕਾਂ ਦੇ ਚਹੇਤਿਆਂ ਨੂੰ ਇਮਤਿਹਾਨ ਕਰਵਾਉਣ ’ਚ ਕਥਿਤ ਮਦਦ ਕੀਤੀ ਗਈ ਅਤੇ ਜਦੋਂ ਉਹ ਫਿਰ ਵੀ ਇਮਤਿਹਾਨ ਚੰਗੀ ਤਰ੍ਹਾਂ ਨਹੀਂ ਕਰ ਸਕੇ ਤਾਂ ਇਮਤਿਹਾਨ ਖਤਮ ਹੋਣ ਤੋਂ ਡੇਢ ਘੰਟੇ ਬਾਅਦ ਸਾਰੇ ਉਮੀਦਵਾਰਾਂ ਨੂੰ ਛੱਡਿਆ ਤਾਂ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਇਮਤਿਹਾਨ ਕਰਵਾਇਆ ਜਾ ਸਕੇ। ਜਦੋਂ ਕਿ ਪਿ੍ਸੀਪਲ ਦੀਪਕ ਸਿੰਘ ਵਲੋਂ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਹੈ ਅਤੇ ਕਿਹਾ ਕਿ ਸਕੂਲ ਦੇ ਹੀ ਇਕ ਅਧਿਆਪਕ ਦੀ ਪਤਨੀ ਦਾ ਭੋਗ ਹੋਣ ਕਾਰਨ ਬਾਹਰ ਤੋਂ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ। ਆਪਣੀ ਮਿਹਨਤ ਨਾਲ ਇਮਤਿਹਾਨ ਦੇਣ ਆਏ ਉਮੀਦਵਾਰਾਂ ਵਲੋਂ ਇਸ ਮਾਮਲੇ ਦੀ ਸੀ.ਬੀ.ਆਈ. ਜਾਂ ਕੋਈ ਹੋਰ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਫ਼ਾਰਮੇਸੀ ਅਧਿਕਾਰੀਆਂ ਦੀ ਭਰਤੀ ਪ੍ਰੀਖਿਆ ’ਚ ਡਿਊਟੀਆਂ ਨੂੰ ਲੈ ਕੇ ਪ੍ਰਿੰਸੀਪਲ ’ਤੇ ਲੱਗੇ ਦੋਸ਼
ਅਜੀਤ ਡੈਸਕ
23-07-2026