ਫ਼ਰੀਦਕੋਟ, 22 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਢਿੱਲਵਾਂ ਕਲਾਂ ਨਜ਼ਦੀਕ ਖਤਾਨਾ ਵਿਚ ਹੋਏ ਨਵਵਿਆਹੁਤਾ ਦੇ ਕਤਲ ਮਾਮਲੇ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ਾ ’ਤੇ ਦਿਨ-ਦਿਹਾੜੇ ਕਤਲ ਮਾਮਲੇ ਨੂੰ ਮਹਿਜ਼ ਘੰਟਿਆਂ ਵਿਚ ਟਰੇਸ ਕਰਕੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਠਾਣਾ ਸਿੰਘ, ਸੁਖਚੈਨ ਸਿੰਘ ਪੁੱਤਰ ਜਰਨੈਲ ਸਿੰਘ, ਵਕੀਲ ਸਿੰਘ ਪੁੱਤਰ ਠਾਣਾ ਸਿੰਘ ਅਤੇ ਸੁੱਖਾ ਸਿੰਘ ਉਰਫ਼ ਗੋਲੂ ਪੁੱਤਰ ਲਾਲਜੀਤ ਸਿੰਘ ਵਾਸੀ ਬੁਰਜ ਹਰੀਕਾ ਵਜੋਂ ਹੋਈ ਹੈ, ਜੋ ਸਾਰੇ ਹੀ ਦੋਸ਼ੀ ਜੋ ਜ਼ਿਲ੍ਹਾ ਫ਼ਰੀਦਕੋਟ ਨਾਲ ਸੰਬੰਧਿਤ ਹਨ। ਦਿਲਬਾਗ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਨਾਨਕਸਰ ਜ਼ਿਲ੍ਹਾ ਫ਼ਰੀਦਕੋਟ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਢਲੀ ਪੁੱਛਗਿੱਛ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਜਗਦੀਪ ਸਿੰਘ ਉਰਫ਼ ਆਕਾਸ਼ ਅਤੇ ਮਹਿਕਦੀਪ ਕੌਰ ਪੁੱਤਰੀ ਵਕੀਲ ਸਿੰਘ ਪਿਛਲੇ ਕਰੀਬ 5–6 ਸਾਲਾਂ ਤੋਂ ਆਪਸੀ ਸੰਬੰਧ ਵਿਚ ਸਨ ਅਤੇ ਦੋਵਾਂ ਨੇ ਕਰੀਬ ਦੋ ਮਹੀਨੇ ਪਹਿਲਾਂ ਆਪਸੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ ਪਰ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੀ ਅਸਹਿਮਤੀ ਕਾਰਨ ਦੋਸ਼ੀਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਅਤੇ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਤਾਂ ਜੋ ਮੁਕੱਦਮੇ ਦੇ ਹਰੇਕ ਪਹਿਲੂ ਦੀ ਵਿਸਥਾਰ ਪੂਰਵਕ ਜਾਂਚ ਕੀਤੀ ਜਾ ਸਕੇ ਅਤੇ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸ ਮਾਮਲੇ ਨਾਲ ਸਬੰਧਿਤ ਹੋਰ ਤੱਥਾਂ ਅਤੇ ਸੰਭਾਵਿਤ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 145 ਮਿਤੀ 21-07-26 ਅਧੀਨ ਧਾਰਾ 103(2), 191(3), 190 ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ।
ਅਣਖ ਦੀ ਖਾਤਰ ਨਵਵਿਆਹੁਤਾ ਦਾ ਕਤਲ ਕਰਨ ਵਾਲੇ ਹਤਿਆਰੇ ਪੁਲਿਸ ਵਲੋਂ ਕਾਬੂ
ਅਜੀਤ ਡੈਸਕ
23-07-2026