ਜੈਤੋ, 23 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਵਿਸ਼ਾਲ ‘ਮੀਰੀ ਪੀਰੀ ਖ਼ਾਲਸਾ ਮਾਰਚ’ 24 ਜੁਲਾਈ 2026 ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਕੀਤਾ ਜਾਵੇਗਾ। ਇਹ ਪਾਵਨ ਮਾਰਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚੋਂ ਹੁੰਦਾ ਹੋਇਆ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਮਹਾਨ ਉਪਦੇਸ਼ਾਂ, ਮੀਰੀ-ਪੀਰੀ ਦੇ ਸਿਧਾਂਤ ਅਤੇ ਖ਼ਾਲਸਾਈ ਪਰੰਪਰਾਵਾਂ ਨਾਲ ਜੋੜਨ ਦਾ ਸੰਦੇਸ਼ ਦੇਵੇਗਾ। ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਅਵਤਾਰ ਸਿੰਘ ਘਰਿਆਲਾ ਨੇ ਦੱਸਿਆ ਕਿ ਇਹ ਵਿਸ਼ਾਲ ਮਾਰਚ 24 ਜੁਲਾਈ ਤੋਂ ਸ਼ੁਰੂ ਹੋ ਕੇ ਵੱਖ-ਵੱਖ ਜ਼ਿਲਿ੍ਆਂ ਅਤੇ ਇਤਿਹਾਸਕ ਗੁਰਧਾਮਾਂ ਤੋਂ ਲੰਘਦਾ ਹੋਇਆ 31 ਜੁਲਾਈ ਨੂੰ ਹਲਕਾ ਜੈਤੋ ਦੇ ਢਿੱਲਵਾਂ ਕਲਾਂ, ਬਹਿਬਲ ਕਲਾਂ, ਬਰਗਾੜੀ, ਲੰਬਵਾਲੀ, ਗੋਂਦਾਰਾ, ਬਾਜਾਖਾਨਾ, ਸੇਢਾ ਸਿੰਘ ਵਾਲਾ ਅਤੇ ਕੋਠੇ ਸੰਤਾ ਸਿੰਘ ਵਾਲਾ ਰਾਹੀਂ ਜੈਤੋ ਪਹੁੰਚੇਗਾ। ਰਾਤ ਸਮੇਂ ਮਾਰਚ ਦਾ ਵਿਸ਼ਰਾਮ ਇਤਿਹਾਸਕ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ ਹੋਵੇਗਾ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣਗੀਆਂ। ਉਨ੍ਹਾਂ ਦੱਸਿਆ ਕਿ 1 ਅਗਸਤ ਨੂੰ ਸਵੇਰੇ ਇਹ ਪਾਵਨ ਮਾਰਚ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਤੋਂ ਦੁਬਾਰਾ ਆਰੰਭ ਹੋ ਕੇ ਰਾਮੂਵਾਲਾ (ਡੇਲਿਆਂਵਾਲੀ), ਰੋੜੀਕਪੂਰਾ, ਰਾਮੇਆਣਾ ਅਤੇ ਹੋਰ ਅਨੇਕਾਂ ਪਿੰਡਾਂ ਵਿਚੋਂ ਲੰਘਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਮਾਰਚ ਦੌਰਾਨ ਜਥੇਦਾਰ ਸਿੰਘ ਸਾਹਿਬ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਇਸ ਉਪਰੰਤ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸਮਾਪਤ ਹੋਵੇਗਾ, ਜਿੱਥੇ ਧਾਰਮਿਕ ਸਮਾਗਮਾਂ ਅਤੇ ਅਰਦਾਸ ਨਾਲ ਇਸ ਯਾਤਰਾ ਦੀ ਸਮਾਪਤੀ ਹੋਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਸਮੂਹ ਸੰਗਤਾਂ ਨੂੰ ਇਸ ਇਤਿਹਾਸਕ ਧਾਰਮਿਕ ਮਾਰਚ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣ ਪਹਿਚਾਣ ਹੈ, ਜੋ ਰੂਹਾਨੀਅਤ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਤੁਲਨ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਆਪਸੀ ਭਾਈਚਾਰੇ, ਏਕਤਾ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਪਾਵਨ ਮਾਰਚ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ। ਇਸ ਮੌਕੇ ਹਰਚਰਨ ਸਿੰਘ ਬਾਠ ਕਰੀਰਵਾਲੀ, ਮਲਕੀਤ ਸਿੰਘ ਤਰਮਾਲਾ ਮੈਨੇਜਰ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ, ਰਾਮ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਢਿੱਲਵਾਂ ਕਲਾਂ, ਕੁਲਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਬਰਗਾੜੀ, ਨਿਰਮਲ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਰਾਮੇਆਣਾ, ਇਕਬਾਲ ਸਿੰਘ ਗੁਰੂ ਕੀ ਢਾਬ, ਗੁਰਚਰਨ ਸਿੰਘ ਰਸਵੀਰ ਰਾਮੇਆਣਾ ਤੋਂ ਗੁਰਦੁਆਰਾ ਸ੍ਰੀ ਗੰਗਸਰ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
‘ਮੀਰੀ ਪੀਰੀ ਖ਼ਾਲਸਾ ਮਾਰਚ’ 31 ਜੁਲਾਈ ਨੂੰ ਜੈਤੋ ’ਚ ਕਰੇਗਾ ਵਿਸ਼ਰਾਮ
ਅਜੀਤ ਡੈਸਕ
24-07-2026