ਰੇਲਵੇ ਮੁਕਤਸਰ ਦੇ ਸ਼ਹਿਰ ਦੇ ਫਾਟਕ ’ਤੇ ਅੰਡਰਬ੍ਰਿਜ ਉਸਾਰਨ ਦੀ ਤਜਵੀਜ਼
ਅਜੀਤ ਡੈਸਕ
24-07-2026
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਹਰਮਹਿੰਦਰਪਾਲ)-ਜ਼ਿਲ੍ਹਾ ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਸ੍ਰੀ ਮੁਕਤਸਰ ਸਾਹਿਬ ਵਲੋਂ ਰੇਲਵੇ ਅਧਿਕਾਰੀਆਂ ਕੋਲ ਲਗਾਤਾਰ ਸ਼ਹਿਰ ਦੇ ਫਾਟਕ ਦੇ ਅੰਡਰਬ੍ਰਿਜ ਬਣਾਉਣ ਦੀ ਮੰਗ ਤੇ ਰੇਲਵੇ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਦੋ ਪੱਤਰ ਐਸ.ਐਸ.ਏ ਕੋਟਕਪੂਰਾ ਭੇਜ ਕੇ ਮੰਗ ਕੀਤੀ ਹੈ ਕਿ ਬੂੜਾ ਗੁੱਜਰ ਰੋਡ ਫਾਟਕ ਨੰ. ਏ-29 ਅਤੇ ਜਲਾਲਾਬਾਦ ਰੋਡ ਬੀ-30 ਦੇ ਅੰਡਰਬ੍ਰਿਜ ਬਣਾਉਣ ਲਈ ਮੌਕੇ ਦੀ ਰਿਪੋਰਟ ਤਿਆਰ ਕਰਕੇ ਐਨ.ਓ.ਸੀ ਜਾਰੀ ਕੀਤੇ ਜਾਣ ਤਾਂ ਜੋ ਰੋਡ ਅੰਡਰਬ੍ਰਿਜ ਦੀ ਉਸਾਰੀ ਹੋ ਸਕੇ। ਇਥੇ ਇਹ ਵੀ ਵਰਣਨਯੋਗ ਹੈ ਕਿ ਦੋਹਾਂ ਫਾਟਕਾਂ ਤੇ ਅੰਡਰਬ੍ਰਿਜ ਉਸਾਰੀ ਸਬੰਧੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖੁਦ ਪੈਦਲ ਤੁਰ ਕੇ ਨਿਰੀਖਣ ਕਰਕੇ ਪੁਲ ਉਸਾਰੀ ਦੀ ਤਜਵੀਜ਼ ਦਾ ਆਪ ਆਦੇਸ਼ ਕਰਕੇ ਗਏ ਹਨ। ਇਹ ਸ਼ਹਿਰ ਦੀ ਸਭ ਤੋਂ ਪੁਰਾਣੀ ਅਤੇ ਪ੍ਰਮੁੱਖ ਮੰਗ ਹੈ। ਇਹ ਸੂਚਨਾ ਗਰੁੱਪ ਦੇ ਪ੍ਰਧਾਨ ਗਗਨਦੀਪ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਕ੍ਰਿਸ਼ਨ ਡੂੰਮੜਾ ਅਤੇ ਹੋਰ ਮੈਂਬਰਜ਼ ਵਲੋਂ ਰੇਲਵੇ ਦੇ ਪੱਤਰਾਂ ਦੀ ਨਕਲ ਭੇਜ ਕੇ ਦਿੱਤੀ ਗਈ ਹੈ।