ਸ੍ਰੀ ਮੁਕਤਸਰ ਸਾਹਿਬ, 31 ਜੁਲਾਈ (ਰਣਜੀਤ ਸਿੰਘ ਢਿੱਲੋਂ)-ਮੀਰੀ ਪੀਰੀ ਖ਼ਾਲਸਾ ਮਾਰਚ ਜੋ ਕਿ 1 ਅਗਸਤ ਨੂੰ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਿਹਾ ਹੈ। ਉਸ ਦੇ ਸਵਾਗਤ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਦੱਸਿਆ ਕਿ ਬਾਅਦ ਦੁਪਹਿਰ 1 ਵਜੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪ੍ਰਵੇਸ਼ ਕਰਨ ’ਤੇ ਪਿੰਡ ਮੱਲਣ ਵਿਖੇ ਇਲਾਕੇ ਦੀ ਸੰਗਤ ਵਲੋਂ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਮੀਰੀ ਪੀਰੀ ਮਾਰਚ ਗੂੜੀ ਸੰਘਰ, ਕਾਉਣੀ, ਦੋਦਾ ਅਤੇ ਪਿੰਡ ਭੁੱਲਰ ਹੁੰਦਾ ਹੋਇਆ ਸ਼ਾਮ ਕਰੀਬ 7 ਵਜੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇਗਾ, ਜਿੱਥੇ ਇਲਾਕੇ ਦੀ ਸੰਗਤ ਵਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਪੁੱਜ ਗਏ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖ਼ਾਲਸਾ ਮੀਰੀ ਪੀਰੀ ਮਾਰਚ ਦੀ ਰਵਾਨਗੀ 2 ਅਗਸਤ ਨੂੰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਅਰਦਾਸ ਹੋਣ ਕਰੀਬ 8 ਵਜੇ ਅਗਲੇ ਪੜਾਅ ਲਈ ਕੀਤੀ ਜਾਵੇਗੀ। ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਇਹ ਮਾਰਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਥੇੜ੍ਹੀ ਵਿਖੇ ਪਹੁੰਚ ਕੇ ਰਾਤਰੀ ਵਿਸ਼ਰਾਮ ਕਰੇਗਾ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਮੀਰੀ ਪੀਰੀ ਖ਼ਾਲਸਾ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।