ਸਾਦਿਕ, 30 ਸਤੰਬਰ (ਆਰ.ਐਸ.ਧੁੰਨਾ)-ਮਨੁੱਖਤਾ ਦੀ ਭਲਾਈ ਅਤੇ ਮੈਡੀਕਲ ਖੋਜਾਂ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਵਲੋਂ ਚਲਾਈ ਜਾ ਰਹੀ ਸਰੀਰਦਾਨ ਮੁਹਿੰਮ ਤਹਿਤ ਨੇੜਲੇ ਪਿੰਡ ਚੱਕ ਸਾਹੂ ਵਾਸੀ ਮਾਤਾ ਜਸਵੀਰ ਕੌਰ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਵਰਲਡ ਕਾਲਜ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ, ਝੱਜਰ (ਹਰਿਆਣਾ) ਵਿਖੇ ਮੈਡੀਕਲ ਖੋਜਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਦਾਨ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਡੇਰੇ ਦੇ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਵਲੋਂ ਮਾਤਾ ਜਸਵੀਰ ਕੌਰ ਇੰਸਾਂ ਦੇ ਇਸ ਮਹਾਨ ਉਪਰਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮਾਤਾ ਦੇ ਸਪੁੱਤਰ ਸਾਬਕਾ ਸਰਪੰਚ ਜਸਦੇਵਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਜੀ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਸੰਕਲਪ ਲਿਆ ਹੋਇਆ ਸੀ ਅਤੇ ਪਰਿਵਾਰ ਵਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਇਹ ਸੇਵਾ ਨਿਭਾਈ ਗਈ। ਇਸ ਮੌਕੇ ਸਾਬਕਾ ਸਰਪੰਚ ਅਵਤਾਰ ਸਿੰਘ, ਸੇਵਾਦਾਰ ਗੁਰਸੇਵਕ ਸਿੰਘ ਇੰਸਾਂ, ਸੇਵਾਦਾਰ ਗੁਰਸੇਵਕ ਸਿੰਘ ਇੰਸਾਂ ਨੇ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਮਿੱਟੀ ਵਿਚ ਮਿਲ ਜਾਂਦਾ ਹੈ, ਜੇਕਰ ਇਹ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਤਾਂ ਇਸ ਰਾਹੀਂ ਭਵਿੱਖ ਦੇ ਡਾਕਟਰਾਂ ਅਤੇ ਮੈਡੀਕਲ ਖੇਤਰ ਵਿਚ ਖੋਜ ਕਰਨ ਵਾਲਿਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦੀ ਭਲਾਈ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਹਰ ਵਿਅਕਤੀ ਨੂੰ ਅਜਿਹੇ ਕਾਰਜਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਬਲਾਕ ਪ੍ਰੇਮੀ ਜਸਕਰਨ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਸਾਦਿਕ ਵਿਚੋਂ ਇਹ 22ਵਾਂ ਸਰੀਰਦਾਨ ਹੈ, ਜਦੋਂ ਕਿ ਪਿੰਡ ਚੱਕ ਸਾਹੂ ਵਿਚੋਂ ਮਾਤਾ ਜਸਵੀਰ ਕੌਰ ਇੰਸਾਂ ਦਾ ਦੂਜਾ ਸਰੀਰਦਾਨ ਕੀਤਾ ਗਿਆ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੇਵਾਦਾਰ ਐਡਵੋਕੇਟ ਪ੍ਰੇਮੀ ਬਸੰਤ ਸਿੰਘ ਇੰਸਾਂ, ਪ੍ਰੇਮੀ ਗੁਰਸੇਵਕ ਸਿੰਘ ਇੰਸਾਂ, ਪ੍ਰੇਮੀ ਲਛਮਣ ਸਿੰਘ ਇੰਸਾਂ, ਪ੍ਰੇਮੀ ਲਖਵਿੰਦਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਅਤੇ ਵੱਡੀ ਗਿਣਤੀ ਵਿਚ ਸਾਧ ਸੰਗਤ ਤੇ ਪਿੰਡ ਵਾਸੀ ਹਾਜ਼ਰ ਸਨ।