ਸਾਦਿਕ, 3 ਅਕਤੂਬਰ (ਆਰ.ਐਸ.ਧੁੰਨਾ)-ਐਸ.ਬੀ.ਆਰ.ਐਸ ਕਾਲਜ ਫ਼ਾਰ ਵੂਮੈਨ ਘੁੱਦੂਵਾਲਾ ਵਿਖੇ ਸਵੈ-ਇੱਛੁਕ ਖੂਨਦਾਨ ਸਬੰਧੀ ਵਿਦਿਆਰਥਣਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੂੰ ਖੂਨਦਾਨ ਦੀ ਮਹੱਤਤਾ, ਇਸ ਦੇ ਸਮਾਜਿਕ ਮਹੱਤਵ ਅਤੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿਚ ਖੂਨਦਾਨ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੀ. ਕਾਮ ਦੀਆਂ ਵਿਦਿਆਰਥਣਾਂ ਦੀਪਕ ਕੌਰ ਅਤੇ ਮਨਦੀਪ ਕੌਰ ਨੇ ਸਵੈ-ਇੱਛੁਕ ਖੂਨਦਾਨ ਵਿਸ਼ੇ ’ਤੇ ਪ੍ਰੇਰਣਾਦਾਇਕ ਭਾਸ਼ਣ ਦਿੰਦਿਆਂ ਕਿਹਾ ਕਿ ਖੂਨਦਾਨ ਇਕ ਮਹਾਨ ਸਮਾਜਿਕ ਸੇਵਾ ਹੈ ਅਤੇ ਸਿਹਤਮੰਦ ਵਿਅਕਤੀ ਵਲੋਂ ਕੀਤਾ ਗਿਆ ਖੂਨਦਾਨ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਕਾਲਜ ਦੀ ਪ੍ਰਿੰਸੀਪਲ ਨਵਨੀਤ ਕੌਰ ਢਿੱਲੋਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸਵੈ-ਇੱਛੁਕ ਖੂਨਦਾਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸੇਵਾ ਦਾ ਉੱਤਮ ਮਾਧਿਅਮ ਹੈ ਅਤੇ ਹਰ ਯੋਗ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਇਸ ਮਹਾਨ ਕਾਰਜ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਖੂਨਦਾਨ ਸਬੰਧੀ ਫ਼ੈਲੀਆਂ ਗਲਤ ਧਾਰਨਾਵਾਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ ਦੇ ਨੋਡਲ ਅਫ਼ਸਰ ਪਿਆਰੀ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।