ਸਾਦਿਕ, 19 ਨਵੰਬਰ (ਆਰ.ਐਸ.ਧੁੰਨਾ)-ਨੇੜਲੇ ਪਿੰਡ ਕਾਨਿਆਂ ਵਾਲੀ ਖੁਰਦ ਦੇ ਵਸਨੀਕ ਗੁਰਦਾਸ ਸਿੰਘ ਪੁੱਤਰ ਕਿਸ਼ਨ ਸਿੰਘ ਨੇ ਦੱਸਿਆ ਕਿ ਉਹ ਵੱਖ-ਵੱਖ ਪਿੰਡਾਂ ਵਿਚ ਗ੍ਰੰਥੀ ਸਿੰਘ ਵਜੋਂ ਆਪਣੀ ਸੇਵਾ ਨਿਭਾ ਚੁੱਕਾ ਹੈ ਤੇ ਹੁਣ ਨਜ਼ਰ ਘੱਟ ਜਾਣ ਕਾਰਨ ਸੇਵਾ ਨਹੀਂ ਨਿਭਾ ਸਕਦਾ, ਜਿਸ ਕਰਕੇ ਉਸ ਦੇ ਪਰਿਵਾਰ ਦਾ ਨਿਰਬਾਹ ਹੋਣਾ ਮੁਸ਼ਕਿਲ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਕਬੀਲਦਾਰੀ ਵੱਡੀ ਹੋਣ ਕਰਕੇ ਅਤੇ ਕੋਈ ਕੰਮ ਨਾ ਕਰ ਸਕਣ ਕਾਰਨ ਉਹ ਆਪਣੇ ਬੱਚਿਆਂ ਦਾ ਵਧੀਆ ਢੰਗ ਨਾਲ ਪੇਟ ਨਹੀਂ ਪਾਲ ਸਕਦਾ ਤੇ ਇਸ ਲਈ ਉਸ ਦੀ ਮਦਦ ਕੀਤੀ ਜਾਵੇ। ਉਸ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਬੇਅਦਬੀ ਹੁੰਦੀ ਬਚਾਈ ਸੀ ਲਈ ਐਸ.ਜੀ . ਪੀ.ਸੀ ਵਲੋਂ ਉਸ ਦਾ ਸਰਟੀਫਿਕੇਟ ਵੀ ਬਣਾ ਕੇ ਸਨਮਾਨਿਤ ਕੀਤਾ ਗਿਆ ਸੀ ਤੇ ਉਸ ਦੀ ਇਕ ਲੜਕੀ ਨੂੰ ਨੌਕਰੀ ਦੇਣ ਦੀ ਗੱਲ ਵੀ ਕੀਤੀ ਸੀ ਪਰ ਲੰਮਾਂ ਸਮਾਂ ਲੰਘ ਜਾਣ ਤੇ ਕਮੇਟੀ ਨੇ ਨਾ ਤਾਂ ਉਸ ਦੀ ਕੋਈ ਮਦਦ ਕੀਤੀ ਤੇ ਨਾ ਹੀ ਉਸ ਦੀ ਪੁੱਤਰੀ ਨੂੰ ਕੋਈ ਨੌਕਰੀ ਦਿੱਤੀ। ਉਸ ਨੇ ਸੰਗਤ ਅਤੇ ਐਸ.ਜੀ.ਪੀ.ਸੀ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਸ ਦੀ ਮਾਲੀ ਮਦਦ ਕੀਤੀ ਜਾਵੇ।