ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਡਾਇਰੈਕਟੋਰੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਰਾਸ਼ਟਰੀ ਵਿਗਿਆਨ ਅਤੇ ਵਿਸ਼ਵ ਜੰਗਲੀ ਜੀਵ ਦਿਵਸ ਮਨਾਉਣ ਲਈ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਬਨਸਪਤੀ ਵਿਗਿਆਨ ਵਲੋਂ ਹਰੀਕੇ ਵਾਈਲਡਲਾਈਫ਼ ਸੈਂਚੂਰੀ ਦਾ ਵਿਦਿਅਕ ਫੇਰਾ ਲਗਾਇਆ ਗਿਆ | ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਖੇਤਰ ਦੀ ਅਮੀਰ ਜੀਵ ਵਿਭਿੰਨਤਾ ਤੇ ਪੌਦਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਣਾ ਸੀ | ਇਸ ਤੋਂ ਵਿਦਿਆਰਥੀਆਂ ਨੇ ਵੈਟਲੈਂਡ ਈਕੋਸਿਸਟਮ ਦੀ ਪੜਚੋਲ ਕੀਤੀ ਅਤੇ ਪੌਦਿਆਂ ਦੇ ਅਨੁਕੂਲਨ ਦਾ ਅਧਿਐਨ ਕੀਤਾ | ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ ਢਿੱਲੋਂ ਨੇ ਇਸ ਖੇਤਰ ਵਿਚ ਆਮ ਤੌਰ 'ਤੇ ਪਾਈਆਂ ਜਾਣ ਵਾਲੀਆਂ ਪੌਦਿਆਂ ਦੀਆਂ ਕਿਸਮਾਂ ਬਾਰੇ ਵਿਸਥਾਰ ਵਿਚ ਦੱਸਿਆ | ਉਨ੍ਹਾਂ ਜੰਗਲੀ ਜੀਵਨ ਨੂੰ ਸਮਰਥਨ ਦੇਣ, ਪਾਣੀ ਦੀ ਗੁਣਵੱਤਾ ਬਣਾਈ ਰੱਖਣ ਅਤੇ ਸਥਾਨਕ ਵਾਤਾਵਰਣ ਪ੍ਰਣਾਲੀ ਨੂੰ ਕਾਇਮ ਰੱਖਣ ਵਿਚ ਇਨ੍ਹਾਂ ਪੌਦਿਆਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਉਪਰੰਤ ਵਿਦਿਆਰਥੀ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਿਖੇ ਨਤਮਸਤਕ ਹੋਏ | ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਨੇ ਪ੍ਰਬੰਧਕਾਂ ਨੂੰ ਖੇਤਰੀ ਬਨਸਪਤੀ, ਵੈਟਲੈਂਡ ਈਕੋਸਿਸਟਮ ਅਤੇ ਜੀਵ ਵਿਭਿੰਨਤਾ ਸੰਭਾਲ ਬਾਰੇ ਖੇਤਰੀ ਗਿਆਨ ਪ੍ਰਾਪਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨ ਲਈ ਵਧਾਈ ਦਿੱਤੀ |