ਨਿਹਾਲ ਸਿੰਘ ਵਾਲਾ, 6 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਪਿੰਡ ਧੂੜਕੋਟ ਰਣਸੀਂਹ ਦੇ ਇਕ ਪਰਿਵਾਰ ਨਾਲ ਸਬੰਧਿਤ ਬਜ਼ੁਰਗ ਜਰਨੈਲ ਸਿੰਘ ਜ਼ੈਲਾਂ (ਰਿਕਸ਼ਾ ਚਾਲਕ) ਦੀ 40 ਸਾਲ ਦੀ ਮਿਹਨਤ ਨੂੰ ਦੇਖਦੇ ਹੋਏ ਪਿੰਡ ਧੂੜਕੋਟ ਰਣਸੀਂਹ ਦੇ ਐਨ.ਆਰ.ਆਈ. ਮਾਸਟਰ ਜੋਗਿੰਦਰ ਸਿੰਘ ਵੱਲੋਂ ਭੇਜਿਆ ਵਿਸ਼ੇਸ਼ ਸਨਮਾਨ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਾਸਟਰ ਸਤਪਾਲ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਅਜੋਕੇ ਪਦਾਰਥਵਾਦੀ ਯੁੱਗ 'ਚ ਜਿੱਥੇ ਸੁੱਚੀ ਸੁੱਚੀ ਕਿਰਤ ਕਰਨ ਵਾਲੇ ਜਰਨੈਲ ਸਿੰਘ ਵਰਗੇ ਅਨੇਕਾਂ ਹੀ ਵਿਅਕਤੀ ਆਪਣੀ ਜ਼ਿੰਦਗੀ ਨੂੰ ਆਪਣੇ ਖੂਨ ਪਸੀਨੇ ਦਾ ਕਮਾਈ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਪੋਸਣਾ ਕਰ ਰਹੇ ਹਨ ਉੱਥੇ ਆਧੁਨਿਕ ਯੁੱਗ ਦੇ ਸਾਧਨਾਂ ਦੀ ਬਹੁਤਾਤ ਅਤੇ ਮਹਿੰਗਾਈ ਦੇ ਜ਼ਮਾਨੇ 'ਚ ਅਜਿਹੀ ਕਿਰਤ ਕਰਨ ਵਾਲੇ ਵਿਅਕਤੀਆਂ ਦਾ ਜੀਵਨ ਪੱਧਰ ਮੁਸ਼ਕਲਾਂ ਭਰਿਆ ਹੋ ਚੁੱਕਿਆ ਹੈ ਪਰ ਜਰਨੈਲ ਸਿੰਘ ਜ਼ੈਲਾਂ ਅੱਜ ਵੀ ਆਪਣਾ ਰਿਕਸ਼ਾ ਚਲਾ ਕੇ ਹੀ ਗੁਜ਼ਾਰਾ ਕਰ ਰਿਹਾ ਹੈ | ਇਸ ਮੌਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੀ ਸਮੁੱਚੀ ਪ੍ਰਬੰਧਕੀ ਕਮੇਟੀ, ਨਿਰੰਜਣ ਸਿੰਘ ਨੰਜੀ ਕੈਨੇਡਾ, ਸਿਮਰਜੀਤ ਸਿੰਘ ਟੀਨਾ (ਫ਼ਿਲਮ ਡਾਇਰੈਕਟਰ), ਮਾਸਟਰ ਸਤਨਾਮ ਸਿੰਘ ਧਾਲੀਵਾਲ, ਰਾਮਾ ਦਾਦਾ, ਰਮਨਦੀਪ ਸਿੰਘ ਰੰਮਾ, ਕੈਪਟਨ ਹਰਦੇਵ ਸਿੰਘ, ਨੰਬਰਦਾਰ ਬਲਦੇਵ ਸਿੰਘ, ਭੋਲਾ ਬੈਂਕ ਵਾਲਾ, ਮਹਿੰਦਰ ਸਿੰਘ, ਅਵਤਾਰ ਸਿੰਘ ਮੈਂਬਰ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਹਰਵਿੰਦਰ ਸਿੰਘ ਵਲੋਂ ਐਨ.ਆਰ. ਆਈ. ਮਾਸਟਰ ਜੋਗਿੰਦਰ ਸਿੰਘ ਕੈਨੇਡਾ ਦਾ ਇਸ ਕਾਰਜ ਲਈ ਧੰਨਵਾਦ ਕੀਤਾ |