ਕੋਟਕਪੂਰਾ, 3 ਅਪੈ੍ਰਲ (ਮੋਹਰ ਸਿੰਘ ਗਿੱਲ)-ਖ਼ਾਲਸਾ ਪੰਥ ਦੇ ਸਾਜਨਾ ਦੇ 327ਵੇਂ ਦਿਹਾੜੇ ਨੂੰ ਸਮਰਪਿਤ ਮਹੀਨਾਵਾਰੀ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ 4 ਅਪ੍ਰੈਲ ਦਿਨ ਸਨਿਚਰਵਾਰ ਨੂੰ ਸ਼ਾਮ 6-30 ਤੋਂ 9:00 ਵਜੇ ਤੱਕ ਹੋਵੇਗਾ | ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਲੈਕਚਰਾਰ ਗੁਰਨਾਮ ਸਿੰਘ, ਬਲਕਾਰ ਸਿੰਘ ਤੇ ਜਸਮੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਕਰਨ ਨਾਲ ਹੋਵੇਗੀ | ਉਪਰੰਤ 'ਸ੍ਰੀ ਸੁਖਮਨੀ ਸਾਹਿਬ ਜੀ' ਦੇ ਪਾਠ ਸੰਗਤੀ ਰੂਪ ਵਿਚ ਕੀਤੇ ਜਾਣਗੇ | ਇਸ ਤੋਂ ਇਲਾਵਾ ਵੀਰਾਂ ਤੇ ਭੈਣਾਂ ਦੁਆਰਾ ਗੁਰਬਾਣੀ ਕੀਰਤਨ ਕੀਤਾ ਜਾਵੇਗਾ | ਇਸ ਦੌਰਾਨ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਰੰਗ ਭਰੋ ਮੁਕਾਬਲਾ ਹੋਵੇਗਾ | ਸਮਾਪਤੀ 'ਤੇ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਜਾਵੇਗਾ |