ਮੰਡੀ ਲੱਖੇਵਾਲੀ, 3 ਅਪ੍ਰੈਲ (ਮਿਲਖ ਰਾਜ)-ਵਿਧਾਨ ਸਭਾ ਹਲਕਾ ਮਲੋਟ ਕਾਂਗਰਸ ਦੀ ਇੰਚਾਰਜ ਰੁਪਿੰਦਰ ਕੌਰ ਰੂਬੀ ਸਾਬਕਾ ਵਿਧਾਇਕਾ ਵਲੋਂ ਬੀਤੇ ਦਿਨ ਹੋਈ ਭਾਰੀ ਗੜੇ੍ਹਮਾਰੀ ਤੋਂ ਪ੍ਰਭਾਵਿਤ ਲੱਖੇਵਾਲੀ, ਲੱਖੇਵਾਲੀ ਗੰਧੜ, ਸ਼ੇਰੇਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਆਖਿਆ ਕਿ ਇਨ੍ਹਾਂ ਪਿੰਡਾਂ ਦੀ ਫ਼ਸਲ ਦਾ ਸੌ ਫ਼ੀਸਦੀ ਨੁਕਸਾਨ ਹੋਇਆ ਹੈ, ਜੋ ਕਿ ਕਿਸਾਨਾਂ ਲਈ ਬਹੁਤ ਵੱਡਾ ਘਾਟਾ ਹੈ | ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਦੋਹਰੀ ਕੁਦਰਤੀ ਕਰੋਪੀ ਦੀ ਭੇਟ ਚੜ੍ਹ ਗਈ ਹੈ, ਕਿਉਂਕਿ ਪਹਿਲਾਂ ਝੋਨੇ ਦੀ ਫ਼ਸਲ 'ਚੋਂ ਵੀ ਕਿਸਾਨਾਂ ਨੂੰ ਝਾੜ ਘਟਣ ਕਾਰਨ ਘਾਟਾ ਹੀ ਪਿਆ ਸੀ | ਇਸ ਤੋਂ ਇਲਾਵਾ ਮਜ਼ਦੂਰ ਵਰਗ ਤੇ ਆੜ੍ਹਤੀ ਵੀ ਇਸ ਕੁਦਰਤੀ ਕਰੋਪੀ ਦੇ ਸ਼ਿਕਾਰ ਹੋਏ ਹਨ | ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਦੀ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਤੇ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਦੇ ਨਾਲ ਹੀ ਇਸ ਫ਼ਸਲ 'ਤੇ ਮੁਕੰਮਲ ਨਿਰਭਰ ਮਜ਼ਦੂਰ ਪਰਿਵਾਰਾਂ ਨੂੰ ਵੀ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਜਗਤਪਾਲ ਸਿੰਘ ਸ਼ੇਰੇਵਾਲਾ ਪ੍ਰਧਾਨ ਮਲੋਟ ਦਿਹਾਤੀ ਕਾਂਗਰਸ, ਜਸਕਰਨ ਸਿੰਘ ਬਰਾੜ ਲੱਖੇਵਾਲੀ, ਦੀਪ ਬਰਾੜ ਭਾਗਸਰ, ਗੁਰਵਿੰਦਰ ਲਮਖੀਰੇਆਣਾ, ਗੁਰਪ੍ਰੀਤ ਸਿੰਘ ਗੰਧੜ, ਰਮਨ ਬਰਾੜ ਲੱਖੇਵਾਲੀ ਆਦਿ ਹਾਜ਼ਰ ਸਨ |