ਬਠਿੰਡਾ, 3 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ, ਬਠਿੰਡਾ ਚੋਣ ਵਿਭਾਗ 2003 ਵੋਟਰ ਲਿਸਟਾਂ 'ਚ ਮੌਜੂਦ ਵੋਟਰਾਂ ਦੇ ਡਾਟਾ ਦੀ ਮੈਪਿੰਗ ਪੂਰਨ ਕਰ ਲਈ ਗਈ ਹੈ | ਜ਼ਿਲ੍ਹਾ ਬਠਿੰਡਾ ਵਿਚ 73.49 ਫੀਸਦੀ ਵੋਟਰ ਮੈਪ ਕਰ ਲਏ ਗਏ ਹਨ, ਜਦਕਿ ਬਾਕੀ ਵੋਟਰਾਂ ਦੇ ਅੰਕਨ ਦਾ ਕੰਮ ਜਾਰੀ ਹੈ | ਰਾਜੇਸ਼ ਧੀਮਨ, ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਨੇ ਪ੍ਰੀ-ਐਸ.ਆਈ.ਆਰ ਦੇ ਕੰਮ ਦੀ ਸਮੀਖਿਆ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ, 2003 ਵੋਟਰ ਲਿਸਟਾਂ ਦਾ ਡਾਟਾ ਜਾਂਚਿਆ ਜਾ ਰਿਹਾ ਹੈ | ਇਸ ਲਈ ਬੂਥ ਲੈਵਲ ਅਧਿਕਾਰੀ ਆਪਣੇ ਸਬੰਧਿਤ ਖੇਤਰਾਂ ਵਿਚ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਉਹ ਵੋਟਰ, ਜੋ ਆਪਣੀ ਜਗ੍ਹਾ 'ਤੇ ਮੌਜੂਦ ਨਹੀਂ ਹਨ, ਵੋਟਰ ਸੂਚੀਆਂ ਤੋਂ ਹਟਾ ਦਿੱਤੇ ਜਾਣ | ਉਨ੍ਹਾਂ ਨੇ ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਪੇਂਡੂ, ਤਲਵੰਡੀ ਸਾਬੋ ਅਤੇ ਮੌੜ ਦੇ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 2003 ਦੇ ਡਾਟੇ ਵਾਲੇ ਵੋਟਰ, ਜੋ ਹੁਣ ਮੌਜੂਦ ਨਹੀਂ ਪਾਏ ਜਾਂਦੇ, ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਠੀਕ ਤਰੀਕੇ ਨਾਲ ਹਟਾ ਦਿੱਤਾ ਜਾਵੇ | ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਰਾਮਪੁਰਾ ਫੂਲ ਵਿਚ 78.25 ਫੀਸਦੀ, ਭੁਚੋ ਮੰਡੀ ਵਿਚ 77.67 ਫੀਸਦੀ, ਬਠਿੰਡਾ ਸ਼ਹਿਰੀ ਵਿਚ 54.52 ਫੀਸਦੀ, ਬਠਿੰਡਾ ਗ੍ਰਾਮੀਣ ਵਿਚ 78.07 ਫੀਸਦੀ, ਤਲਵੰਡੀ ਸਾਬੋ ਵਿਚ 82.69 ਫੀਸਦੀ ਅਤੇ ਮੌੜ ਵਿਚ 76.87 ਫੀਸਦੀ ਵੋਟਰ ਅੰਕਿਤ ਕੀਤੇ ਗਏ ਹਨ | ਉਨ੍ਹਾਂ ਨੇ ਬਠਿੰਡਾ ਸ਼ਹਿਰੀ ਵੋਟਰਾਂ ਨੂੰ ਸਰਕਾਰੀ ਹੁਕਮਾਂ ਅਨੁਸਾਰ ਆਪਣੀ ਵੋਟ ਜਾਂਚ ਕਰਵਾਉਣ ਦੀ ਅਪੀਲ ਕੀਤੀ | ਅੰਕਨ ਲਈ ਵੋਟਰ ਆਪਣੇ ਬੂਥ ਲੈਵਲ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ |