ਲੰਬੀ, 10 ਅਪ੍ਰੈਲ (ਮੇਵਾ ਸਿੰਘ)-ਸਬ ਤਹਿਸੀਲ ਲੰਬੀ ਦੇ ਪਿਛਲੇ ਪਾਸੇ ਖੇਤ 'ਚ ਪੱਕ ਕੇ ਖੜ੍ਹੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ 24 ਘੰਟੇ ਸਪਲਾਈ ਦੇਣ ਵਾਲੀਆਂ ਖੇਤ ਕੋਲੋਂ ਲੰਘ ਰਹੀਆਂ ਤਾਰਾਂ 'ਚ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅੱਗ ਨਾਲ ਲਗਭਗ 8 ਏਕੜ ਕਣਕ ਸੜ ਗਈ ਹੈ | ਅੱਗ ਲੱਗਣ ਸਾਰ ਇਸ ਦੀ ਸੂਚਨਾ ਪਿੰਡ ਲੰਬੀ ਤੇ ਹੋਰ ਵੀ ਆਸਪਾਸ ਦੇ ਪਿੰਡਾਂ ਵਿਚ ਕਰ ਦਿੱਤੀ ਗਈ, ਜਿਸ ਕਰਕੇ ਵੱਡੀ ਗਿਣਤੀ ਵਿਚ ਲੋਕ ਅੱਗ ਬੁਝਾਉਣ ਲਈ ਉਕਤ ਖੇਤ ਵਿਚ ਪਹੁੰਚ ਗਏ ਅਤੇ ਲੰਬੀ ਪਿੰਡ ਤੇ ਲੋਕਾਂ ਤੋਂ ਇਲਾਵਾ ਪਾਣੀ ਦੀ ਪ੍ਰੈਸ਼ਰ ਵਾਲੀ ਟੈਂਕੀ ਦੁਆਰਾ ਵੀ ਅੱਗ 'ਤੇ ਕਾਬੂ ਪਾਇਆ ਗਿਆ | ਹਾਲਾਂਕਿ ਅੱਗ ਲੱਗਣ ਦੀ ਘਟਨਾ ਬਾਰੇ ਫਾਇਰ ਬਿ੍ਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਪਰ ਕਿਸੇ ਕਾਰਨਵੱਸ ਫਾਇਰ ਬਿ੍ਗੇਡ ਦੀ ਗੱਡੀ ਨੂੰ ਆਉਣ ਵਿਚ ਕੁਝ ਦੇਰੀ ਹੋ ਗਈ ਤੇ ਗੱਡੀ ਦੇ ਆਉਣ ਤੱਕ ਇਕੱਠੇ ਹੋਏ ਲੋਕਾਂ ਨੇ ਵੱਡੀ ਹਿੰਮਤ ਕਰਕੇ ਲਗਭਗ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ | ਅੱਗ ਲੱਗਣ ਨਾਲ ਵਕੀਲ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਚੰਨੂੰ ਦੀ 6 ਏਕੜ ਤੇ ਗੁਰਦਾਸ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਲੰਬੀ ਦੀ 2 ਏਕੜ ਕਣਕ ਅੱਗ ਨਾਲ ਨੁਕਸਾਨੀ ਗਈ | ਮੌਕੇ 'ਤੇ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿੰਨੇ ਦਿਨ ਕਣਕ ਦੀ ਵਢਾਈ ਦਾ ਸੀਜ਼ਨ ਚੱਲਦਾ ਹੈ, ਉਦੋਂ ਤੱਕ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਜਲਦ ਤੋਂ ਜਲਦ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ਗੱਡੀਆਂ ਇਲਾਕੇ ਵਿਚ ਹਾਈਵੇੇਅਜ਼ 'ਤੇ ਰਹਿਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸੇ ਅਜਿਹੀ ਅੱਗ ਵਰਗੀ ਘਟਨਾ 'ਤੇ ਸਮੇਂ ਸਿਰ ਕਾਬੂ ਪਾ ਕੇ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ |