ਮਲੋਟ, 10 ਅਪ੍ਰੈਲ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਦੁਆਰਾ ਸਥਾਪਤ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਇੰਟਰ ਕਾਲਜ ਹੈਂਡਬਾਲ ਟੂਰਨਾਮੈਂਟ ਦੀ ਅੱਜ ਸ਼ੁਰੂਆਤ ਹੋਈ | ਦੋ ਰੋਜ਼ਾ ਟੂਰਨਾਮੈਂਟ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ ਤੇ ਸਪੋਰਟਸ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਦੇ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਵੱਖ-ਵੱਖ ਕਾਲਜਾਂ ਵਿਚ ਕਰਵਾਏ ਜਾ ਰਹੇ ਹਨ, ਜਿਨ੍ਹਾਂ 'ਚੋਂ ਮਿਮਿਟ ਵਿਖੇ ਲੜਕੇ ਤੇ ਲੜਕੀਆਂ ਦੇ ਹੈਂਡਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਦੇ ਉਦਘਾਟਨੀ ਸਮਾਗਮ ਵਿਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਵੱਖ-ਵੱਖ ਕਾਲਜਾਂ ਤੋਂ ਆਈਆਂ ਹੋਈਆਂ ਟੀਮਾਂ, ਯੂਨੀਵਰਸਿਟੀ ਦੇ ਅਧਿਕਾਰੀ ਭੁਪਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ | ਉਨ੍ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਮਿਮਿਟ ਵਿਖੇ ਹੈਂਡਬਾਲ ਕਰਵਾਉਣ ਲਈ ਧੰਨਵਾਦ ਕੀਤਾ | ਡਾ. ਜਸਕਰਨ ਸਿੰਘ ਭੁੱਲਰ ਨੇ ਸੰਸਥਾ ਦੇ ਡੀ.ਪੀ.ਈ. ਮਨਕੀਰਤ ਸਿੰਘ ਤੇ ਉਨ੍ਹਾਂ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਤੇਜ਼ ਬਾਰਿਸ਼ ਹੋਣ ਦੇ ਬਾਵਜੂਦ ਹੈਂਡਬਾਲ ਦਾ ਮੈਦਾਨ ਬਹੁਤ ਹੀ ਜਲਦੀ ਤੇ ਵਧੀਆ ਤਰੀਕੇ ਨਾਲ ਤਿਆਰ ਕੀਤਾ | ਪਹਿਲੇ ਦਿਨ ਹੋਏ ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਪੋਰਟਸ ਪ੍ਰਧਾਨ ਨੇ ਦੱਸਿਆ ਕਿ ਸੀ.ਜੀ.ਸੀ. ਝੰਜੇੜੀ ਦੇ ਲੜਕਿਆਂ ਦੀ ਟੀਮ ਦਾ ਮੁਕਾਬਲਾ ਮਿਮਿਟ ਮਲੋਟ ਦੀ ਟੀਮ ਨਾਲ ਹੋਇਆ, ਜਿਸ ਵਿਚ ਮਿਮਿਟ ਮਲੋਟ ਦੀ ਟੀਮ ਨੇ 15 ਦੇ ਮੁਕਾਬਲੇ 25 ਸਕੋਰ ਹਾਸਿਲ ਕਰਕੇ ਸੀ.ਜੀ.ਸੀ. ਝੰਜੇੜੀ ਦੀ ਟੀਮ 'ਤੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਮਿਮਿਟ ਮਲੋਟ ਦੀ ਲੜਕੀਆਂ ਨੇ ਜੀ.ਟੀ.ਬੀ. ਆਈ.ਐੱਮ.ਟੀ. ਦਾਖਾਂ ਦੀ ਟੀਮ ਨੂੰ 15-0 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਟੂਰਨਾਮੈਂਟ ਵਿਚ ਬਲਕਾਰ ਸਿੰਘ, ਰਾਜਿੰਦਰ ਕੁਮਾਰ, ਕਵਲਜੀਤ ਸਿੰਘ, ਰਵਿੰਦਰ ਸਿੰਘ, ਮਨਪ੍ਰੀਤ ਸਿੰਦ ਅਤੇ ਗੁਰਦੀਪ ਸਿੰਘ ਰੈਫ਼ਰੀ ਦੀ ਭੂਮਿਕਾ ਨਿਭਾਅ ਰਹੇ ਹਨ |