ਸਾਦਿਕ, 17 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਕੁਝ ਦਿਨਾਂ ਤੋਂ ਕਣਕ ਦੀ ਕਟਾਈ ਸ਼ੁਰੂ ਹੋਣ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੱਕੀ ਫ਼ਸਲ ਨੂੰ ਅੱਗ ਲੱਗਣ ਦੇ ਖਤਰੇ ਤੋਂ ਬਚਾਉਣ ਲਈ ਇਹਤਿਆਤ ਵਜੋਂ ਪਾਵਰਕਾਮ ਵਲੋਂ ਸਵੇਰੇ 10.30 ਤੋਂ ਲੈ ਕੇ ਸ਼ਾਮ 5 ਵਜੇ ਤੱਕ ਲਗਾਤਾਰ ਪੇਂਡੂ ਖੇਤਰਾਂ ਵਿਚ ਕੱਟ ਲਗਾਏ ਜਾ ਰਹੇ ਹਨ | ਕੁਝ ਦਿਨਾਂ ਤੋਂ ਇਹ ਕੱਟ 5 ਵਜੇ ਦੀ ਬਜਾਏ 7 ਵਜੇ ਤੱਕ ਲੱਗਦਾ ਆ ਰਿਹਾ ਹੈ, ਪਰ ਪਰਸੋਂ ਰਾਤ ਇਹ ਕੱਟ 9.30 ਵਜੇ ਰਾਤ ਤੱਕ ਲੱਗਿਆ ਅਤੇ ਬੀਤੀ ਰਾਤ ਤਾਂ ਇਹ ਕੱਟ ਰਾਤ 12 ਵਜੇ ਤੱਕ ਲੱਗਿਆ ਰਿਹਾ | ਜਿਸ ਕਾਰਨ ਘਰਾਂ ਦੇ ਇਨਵਰਟਰ ਵੀ ਡਾਊਨ ਮਾਰ ਗਏ ਅਤੇ ਘਰ ਦੀਆਂ ਸਵਾਣੀਆਂ ਨੂੰ ਹਨੇ੍ਹਰੇ ਵਿਚ ਰੋਟੀ ਟੁੱਕ ਬਣਾਉਣਾ ਵੀ ਮੁਸ਼ਕਿਲ ਹੋ ਗਿਆ ਕਿਉਂਕਿ ਗੈਸ ਦੀ ਕਮੀ ਕਾਰਨ ਸਵਾਣੀਆਂ ਨੂੰ ਕੁਝ ਕੰਮ ਇੰਡਕਸ਼ਨ ਚੁੱਲਿ੍ਹਆਂ 'ਤੇ ਵੀ ਕਰਨੇ ਪੈਂਦੇ ਹਨ | ਘਰਾਂ ਦੀਆਂ ਟੈਂਕੀਆਂ 'ਚੋਂ ਪਾਣੀ ਵੀ ਖਤਮ ਹੋ ਗਿਆ | ਮੱਛਰਾਂ ਦੀ ਭੀਂ ਭੀਂ ਕਾਰਨ ਛੋਟੇ ਬੱਚੇ ਹਾਲੋਂ ਬੇਹਾਲ ਹੋ ਗਏ | ਇਕ ਵਾਰ ਤਾਂ ਸਥਿਤੀ ਜੰਗ ਦੌਰਾਨ ਬਲੈਕ ਆਊਟ ਵਾਲੀ ਬਣ ਗਈ | ਜਿਸ ਕਰਕੇ ਸਮੇਂ ਦੀ ਸਰਕਾਰ ਨੂੰ ਕੋਸਦੇ ਅਤੇ ਬਿਜਲੀ ਸਰਪਲੱਸ ਦੇ ਦਾਅਵਿਆਂ ਨੂੰ ਖੋਖਲੇ ਦੱਸਦੇ ਲੋਕ ਟਰਾਲੀਆਂ 'ਤੇ ਚੜ੍ਹਕੇ ਗਰਿੱਡਾਂ ਤੱਕ ਪਹੁੰਚ ਗਏ | ਫਿਰ ਕਿਤੇ ਜਾ ਕੇ ਰਾਤ ਦੇ 12 ਵਜੇ ਦੇ ਲਗਪਗ ਬਿਜਲੀ ਸਪਲਾਈ ਚੱਲੀ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ | ਇਸਦਾ ਕਾਰਨ ਜਾਨਣ 'ਤੇ ਪਤਾ ਚੱਲਿਆ ਕਿ ਕਿਸੇ ਵੱਡੇ ਪਲਾਂਟ ਵਿਚ ਖਰਾਬੀ ਆ ਜਾਣ ਕਾਰਨ ਅਤੇ ਤਾਪਮਾਨ ਵਿਚ ਵਾਧੇ ਕਾਰਨ ਬਿਜਲੀ ਸਪਲਾਈ 'ਤੇ ਲੋਡ ਵੱਧ ਜਾਣ ਕਾਰਨ ਕੰਟਰੋਲਰ ਨੂੰ ਇਹ ਕੱਟ ਲਾਉਣਾ ਪਿਆ | ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਾਰੇ ਉੱਤਰੀ ਭਾਰਤ ਦੇ ਸੱਤ ਰਾਜਾਂ ਦੀ ਸਪਲਾਈ ਫੇਲ੍ਹ ਹੋ ਸਕਦੀ ਹੈ ਪਰ ਕੰਟਰੋਲਰ ਨੇ ਗਲਤੀ ਇਹ ਕੀਤੀ ਕਿ ਪੇਂਡੂੂ ਖੇਤਰ ਸਪਲਾਈ 'ਤੇ ਲੰਬਾ ਕੱਟ ਲਗਾ ਦਿੱਤਾ ਜੋ ਪ੍ਰੇਸ਼ਾਨੀ ਦਾ ਕਾਰਨ ਬਣਿਆ ਕਿਉਂਕਿ ਬਿਜਲੀ ਸਪਲਾਈ ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ ਪਰ ਕੰਟਰੋਲਰ ਨੇ ਦੋਹਾਂ ਹਿੱਸਿਆਂ 'ਤੇ ਅੱਧਾ ਅੱਧਾ ਸਮਾਂ ਕੱਟ ਲਗਾਉਣ ਦੀ ਬਜਾਏ ਸਾਰਾ ਸਮਾਂ ਪੇਂਡੂ ਖੇਤਰ ਨੂੰ ਹੀ ਸਪਲਾਈ ਬੰਦ ਰੱਖੀ | ਇਸ ਪਿੱਛੇ ਕੋਈ ਰਾਜਨੀਤਿਕ ਦਬਾਅ ਸੀ ਜਾਂ ਉਸਦੀ ਆਪਣੀ ਸਮਝ ਸੀ | ਜੇਕਰ ਇਹ ਕੱਟ ਵੰਡ ਕੇ ਲੱਗਦਾ ਤਾਂ ਐਨੀ ਮੁਸ਼ਕਿਲ ਨਹੀਂ ਸੀ ਆਉਣੀ | ਕਣਕ ਦੀ ਕਟਾਈ ਅਜੇ ਕੁਝ ਦਿਨ ਹੋਰ ਚੱਲਣ ਕਾਰਨ ਅਜੇ ਕੱਟ ਲੱਗਣੇ ਹਨ ਪਰ ਲੋਕਾਂ ਨੇ ਪਾਵਰਕਾਮ ਤੋਂ ਮੰਗ ਕੀਤੀ ਹੈ ਕਿ ਬਿਜਲੀ ਕੱਟਾਂ ਦਾ ਸਾਰਾ ਬੋਝ ਪਿੰਡਾਂ 'ਤੇ ਪਾਉਣ ਦੀ ਬਜਾਏ ਬਰਾਬਰ ਹਿੱਸਾ ਸ਼ਹਿਰੀ ਖੇਤਰ ਨੂੰ ਵੀ ਸਹਿਣ ਕਰਨਾ ਚਾਹੀਦਾ ਹੈ ਅਤੇ ਕੱਟ ਬਰਾਬਰ ਹੀ ਲਗਾਏ ਜਾਣ |