ਜੈਤੋ, 24 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਅਨਾਜ ਮੰਡੀ ਵਿਚ ਅੱਜ ਇਕ ਵਿਲੱਖਣ ਅਤੇ ਸਰਾਹਣਯੋਗ ਪਹਿਲ ਦੇ ਤੌਰ 'ਤੇ ਸਕਿਊਰਿਟੀ ਗਾਰਡਾਂ ਨੂੰ ਚੰਗੀਆਂ ਸੇਵਾਵਾਂ ਲਈ ਮਾਰਕੀਟ ਕਮੇਟੀ ਜੈਤੋ, ਆੜ੍ਹਤੀਆ ਐਸੋਸੀਏਸ਼ਨ ਵਲੋਂ ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ 'ਚ ਸਨਮਾਨਿਤ ਕੀਤਾ ਗਿਆ | ਪਿਛਲੇ ਦਿਨਾਂ ਤੋਂ ਸਕਿਊਰਿਟੀ ਗਾਰਡਾਂ ਵਲੋਂ ਮੰਡੀਆਂ ਦੀ ਦਿਨ-ਰਾਤ ਰਾਖੀ ਕੀਤੀ ਜਾ ਰਹੀ ਹੈ, ਜਿਸ ਮੱਦੇਨਜ਼ਰ ਰੱਖਦਿਆਂ ਇਹ ਸਨਮਾਨਿਤ ਕੀਤਾ ਗਿਆ, ਜੋ ਪਹਿਲੀ ਵਾਰ ਦੇਖਣ ਨੂੰ ਮਿਲਿਆ | ਮਾਰਕੀਟ ਕਮੇਟੀ ਵਿਚ ਰੱਖੇ ਸਮਾਗਮ ਦੌਰਾਨ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਸਕਿਊਰਿਟੀ ਗਾਰਡਾਂ ਦੀ ਮੰਡੀਆਂ ਦੀ ਸੁਰੱਖਿਆ ਵਿਚ ਅਹਿਮ ਭੂਮਿਕਾ ਹੁੰਦੀ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਕਿਉਰਿਟੀ ਗਾਰਡਾਂ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦਾ ਮਨੋਬਲ ਵਧਾਉਂਦਾ ਹੈ, ਸਗੋਂ ਹੋਰ ਲੋਕਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦਾ ਹੈ | ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਧਰਮਜੀਤ ਸਿੰਘ ਰਾਮੇਆਣਾ ਵਾਈਸ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅਤੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਗਰਗ, ਪੁਨੀਤ ਤਾਇਲ, ਪ੍ਰਵੀਨ ਕਾਂਸਲ, ਬੰਟੀ ਜੈਨ, ਵਿੱਕੀ ਗੋਇਲ, ਜਸਵੀਰ ਸਿੰਘ ਬਰਾੜ, ਸੋਨੀ ਬਾਂਸਲ, ਸੰਦੀਪ ਗਰਗ, ਸੰਜੇ ਮਿੱਤਲ, ਜਗਦੀਸ਼ ਘਣੀਆਂ ਸਾਬਕਾ ਵਾਈਸ ਚੇਅਰਮੈਨ, ਲਾਡੀ ਬਿਸ਼ਨੰਦੀ ਆਦਿ ਹਾਜ਼ਰ ਸਨ |