ਕੋਟਕਪੂਰਾ, 24 ਅਪ੍ਰੈਲ (ਮੋਹਰ ਸਿੰਘ ਗਿੱਲ)-ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੀ ਕੜੀ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਨਿਰਦੇਸ਼ ਤਹਿਤ ਥਾਣਾ ਸਦਰ ਕੋਟਕਪੂਰਾ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਦੀ ਤਾਕ ਵਿਚ ਬੈਠੇ ਗਿਰੋਹ ਵਿਚ ਸ਼ਾਮਿਲ 5 ਵਿਅਕਤੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਵਿਪਨ ਸਿੰਘ ਉਰਫ਼ ਨਿੱਕੀ ਵਾਸੀ ਵਾੜਾਦਰਾਕਾ, ਹਰਕੀਰਤ ਸਿੰਘ ਉਰਫ਼ ਦੱਦੂ ਵਾਸੀ ਵਾੜਾਦਰਾਕਾ, ਹਰਜਿੰਦਰ ਸਿੰਘ ਉਰਫ਼ ਜਿੰਦੀ ਵਾਸੀ ਦੇਵੀਵਾਲਾ, ਅਰਮਾਨਦੀਪ ਸਿੰਘ ਉਰਫ਼ ਪਿ੍ੰਸ ਵਾਸੀ ਭਾਨ ਸਿੰਘ ਕਲੋਨੀ, ਫ਼ਰੀਦਕੋਟ ਅਤੇ ਜਸ਼ਨ ਵਾਸੀ ਥਾੜ੍ਹਾ, ਜ਼ਿਲ੍ਹਾ ਫ਼ਰੀਦਕੋਟ ਸ਼ਾਮਿਲ ਹਨ | ਪੁਲਿਸ ਪਾਰਟੀ ਵਲੋਂ ਮੌਕੇ 'ਤੇ ਕਥਿਤ ਦੋਸ਼ੀਆਂ ਪਾਸੋ ਇਕ ਤਲਵਾਰ, ਇਕ ਰਾਡ ਤੇ ਇਕ ਬੇਸਬਾਲ ਬਰਾਮਦ ਕੀਤਾ ਗਿਆ ਹੈ | ਇੰਸਪੈਕਟਰ ਗੁਰਾਦਿੱਤਾ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਕੋਟਕਪੂਰਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਕਰਤਾਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿਚ ਸਨ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇਹ ਸਾਰੇ ਵਿਅਕਤੀ ਲੁੱਟਾਂ ਖੋਹਾਂ ਕਰਕੇ ਨਸ਼ਾ ਖ਼ਰੀਦ ਕੇ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ, ਜੋ ਲਿੰਕ ਰੋਡ ਸੰਧਵਾਂ ਤੋਂ ਜਲਾਲੇਆਣਾ ਪਿੰਡ ਸੰਧਵਾਂ ਪੁਲ਼ ਕੱਸੀ ਦੀ ਪਟੜੀ ਉਪਰ ਲੁਕ ਛਿਪ ਕੇ ਮਾਰੂ ਹਥਿਆਰਾਂ ਨਾਲ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ 'ਤੇ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੰੁਚ ਕੇ ਉਕਤਾਨ ਨੂੰ ਕਾਬੂ ਕੀਤਾ ਗਿਆ | ਪੁਲਿਸ ਨੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |