ਸ੍ਰੀ ਮੁਕਤਸਰ ਸਾਹਿਬ, 1 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਇਕੋ ਸਮੇਂ ਜ਼ਿਲ੍ਹੇ ਦੀਆਂ ਚਾਰੇ ਸਬ ਡਵੀਜ਼ਨਾਂ (ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਲੰਬੀ) ਵਿਚ ਸਰਚ ਆਪ੍ਰੇਸ਼ਨ (ਕਾਸੋ) ਚਲਾਇਆ ਗਿਆ | ਇਸ ਦੌਰਾਨ ਬਚਨ ਸਿੰਘ ਡੀ.ਐੱਸ.ਪੀ. (ਸ੍ਰੀ ਮੁਕਤਸਰ ਸਾਹਿਬ), ਹਰਜੀਤ ਸਿੰਘ ਡੀ.ਐੱਸ.ਪੀ. (ਸੀ.ਏ.ਡਬਲਯੂ. ਐਂਡ ਸੀ), ਰਛਪਾਲ ਸਿੰਘ ਡੀ.ਐੱਸ.ਪੀ. (ਡੀ), ਜਤਿੰਦਰ ਸਿੰਘ ਡੀ.ਐੱਸ.ਪੀ. (ਗਿੱਦੜਬਾਹਾ), ਹਰਬੰਸ ਸਿੰਘ ਡੀ.ਐੱਸ.ਪੀ. (ਲੰਬੀ) ਸਮੇਤ ਮੁੱਖ ਅਫ਼ਸਰਾਨ ਥਾਣਾ ਸਮੇਤ 520 ਦੇ ਕਰੀਬ ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਸਨ | ਪੀ.ਏ.ਆਈ.ਐੱਸ. ਤੇ ਵਾਹਨ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਜਾਂਚ ਸਰਚ ਮੁਹਿੰਮ ਦੌਰਾਨ ਪੁਲਿਸ ਵਲੋਂ ਏਰੀਏ ਨੂੰ ਸੀਲ ਕੀਤਾ ਗਿਆ ਅਤੇ ਨਾਕਾਬੰਦੀ ਕਰਕੇ ਨਸ਼ਾ ਤਕਸਰਾਂ, ਵਾਹਨਾਂ ਤੇ ਸ਼ੱਕੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਦੀ ਜਾਂਚ ਲਈ ਵਾਹਨ ਐਪ ਦੀ ਮਦਦ ਲਈ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਪੀ.ਏ.ਆਈ.ਐੱਸ. ਐਪ ਦੀ ਵਰਤੋਂ ਕੀਤੀ ਗਈ | ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਖ਼ਾਸ ਤੌਰ 'ਤੇ ਆਵਾਜਾਈ ਵਾਲੀਆਂ ਥਾਵਾਂ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਤੌਰ 'ਤੇ ਟੀਮਾਂ ਤਾਇਨਾਤ ਕਰਕੇ ਬੱਸਾਂ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ | ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਮੁਹੱਲਿਆਂ ਵਿਚ ਜਿੱਥੇ ਨਸ਼ਾ ਤਸਕਰਾਂ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ, ਉਨ੍ਹਾਂ ਦੇ ਰਿਸ਼ਤੇਦਾਰਾਂ, ਸਾਥੀਆਂ ਅਤੇ ਸੰਭਾਵਿਤ ਟਿਕਾਣਿਆਂ 'ਤੇ ਵਿਸ਼ੇਸ਼ ਸਰਚ ਮੁਹਿੰਮ ਚਲਾਈ ਗਈ | ਇਹ ਕਾਰਵਾਈ ਖ਼ਾਸ ਤੌਰ 'ਤੇ ਉਨ੍ਹਾਂ ਵਿਅਕਤੀਆਂ ਦੇ ਟਿਕਾਣਿਆਂ 'ਤੇ ਕੇਂਦਰਿਤ ਰਹੀ, ਜੋ ਪਹਿਲਾਂ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਸ਼ਾਮਿਲ ਰਹੇ ਹਨ ਜਾਂ ਜਿਨ੍ਹਾਂ ਬਾਰੇ ਪੁਲਿਸ ਨੂੰ ਜਾਣਕਾਰੀ ਸੀ | ਐੱਸ.ਐੱਸ.ਪੀ. ਨੇ ਚਿਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਜ਼ਿਲ੍ਹੇ ਵਿਚ ਪੁਲਿਸ ਵਲੋਂ ਲਗਾਤਾਰ ਸਖ਼ਤ ਤਰੀਕੇ ਨਾਲ ਸਰਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਹ ਕਾਰਵਾਈ ਭਵਿੱਖ ਵਿਚ ਹੋਰ ਵੀ ਤੇਜ਼ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਨਸ਼ਿਆਂ ਤੋਂ ਕਮਾਈ ਹੋਈ ਗ਼ੈਰਕਾਨੂੰਨੀ ਜਾਇਦਾਦ ਨੂੰ ਵੀ ਕਾਨੂੰਨ ਅਨੁਸਾਰ ਫਰੀਜ਼ ਕਰਵਾਇਆ ਜਾ ਰਿਹਾ ਹੈ |