ਮੋਗਾ, 28 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੂਰੇ ਵਿਸ਼ਵ ਲਈ ਆਪਸੀ ਏਕਤਾ, ਸਦਭਾਵਨਾ, ਖ਼ੁਸ਼ੀ ਤੇ ਤਿਆਗ ਦੀ ਭਾਵਨਾ ਵਜੋਂ ਜਾਣਿਆ ਜਾਂਦਾ ਮੁਸਲਿਮ ਭਾਈਚਾਰੇ ਦਾ ਤਿਉਹਾਰ ਈਦ ਉੱਲ ਜੁਹਾ ਅੱਜ ਮੋਗਾ ਸ਼ਹਿਰ ਵਿਖੇ ਵੱਖ-ਵੱਖ ਮਸਜਿਦਾਂ ਵਿਚ ਮੁਸਲਿਮ ਭਾਈਚਾਰੇ ਵਲੋਂ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਸ਼ਹਿਰ ਦੇ ਮੁੱਖ ਈਦਗਾਹ ਸਥਾਨ ਬਹੋਨਾ ਰੋਡ ਵਿਖੇ ਸਮੁੱਚੇ ਮੁਸਲਿਮ ਭਾਈਚਾਰੇ ਨੇ ਇਕੱਤਰ ਹੋ ਕੇ ਸਵੇਰ ਵੇਲੇ ਮੌਲਵੀ ਮੁਹੰਮਦ ਇਫਤਖਾਰ ਦੀ ਅਗਵਾਈ ਵਿਚ ਨਮਾਜ਼ ਅਦਾ ਕੀਤੀ ਗਈ ਤੇ ਉਸ ਤੋਂ ਬਾਅਦ ਆਪਸ ਵਿਚ ਗਲੇ ਮਿਲ ਕੇ ਸ਼ਾਂਤੀ, ਏਕਤਾ ਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਇਕ ਦੂਸਰੇ ਨੂੰ ਵਧਾਈ ਦਿੱਤੀ | ਦੱਸ ਦੇਈਏ ਕਿ ਮੋਗਾ ਸ਼ਹਿਰ ਅੰਦਰ ਮੁੱਖ ਮਸਜਿਦ ਤੋਂ ਇਲਾਵਾ ਚਾਰ ਮਸਜਿਦਾਂ ਵਿਚ ਵੀ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ | ਇਸ ਮੌਕੇ ਬੋਲਦਿਆਂ ਸਰਫਰੋਜ਼ ਅਲੀ ਭੁੱਟੋ ਨੇ ਕਿਹਾ ਕਿ ਈਦ ਉੱਲ ਜੁਹਾ ਨੂੰ ਬਕਰੀਦ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ ਤੇ ਜੋ ਬਲੀ ਦੀ ਪ੍ਰਥਾ ਚੱਲੀ ਆ ਰਹੀ ਹੈ ਉਸ ਦਾ ਮੁੱਖ ਮਕਸਦ ਖ਼ੁਸ਼ੀ ਤੇ ਕੁਰਬਾਨੀ ਦੇ ਸੁਮੇਲ ਨੂੰ ਮਨਾ ਕੇ ਆਪਣੇ ਦਿਲਾਂ ਵਿਚੋਂ ਨਫ਼ਰਤ ਕੱਢ ਕੇ ਇਕ ਦੂਜੇ ਨੂੰ ਮਾਨਵਤਾ ਦਾ ਸੰਦੇਸ਼ ਦੇਣਾ ਹੁੰਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਅਸਲਮ ਪੱਪੂ (ਮੀਟ ਵਾਲੇ), ਡਾ. ਜੋਨੀ ਸਦੀਕ, ਮੁਹੰਮਦ ਅਜ਼ਹਰ, ਮੁਹੰਮਦ ਅਲਫਾਨ, ਮੁਹੰਮਦ ਫਿਰਕਾਨ, ਡਾ. ਮੱਖਣ ਮਾਮਦੀਨ ਸਮੇਤ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰਾ ਹਾਜ਼ਰ ਸੀ | ਇਸ ਮੌਕੇ ਵੱਖ-ਵੱਖ ਲੀਡਰਾਂ ਵਿਚ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ, ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ, ਡਾ. ਸੀਮਾਂਤ ਗਰਗ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਮੁਖ਼ਤਿਆਰ ਸਿੰਘ ਸਾਬਕਾ ਐਸ.ਪੀ., ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਤੇ ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ, ਸੀਨੀਅਰ ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ, ਸਾਬਕਾ ਨੈਸਲੇ ਪ੍ਰਧਾਨ ਰਣਜੀਤ ਸਿੰਘ ਭਾਊ, ਆਪ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ ਤੇ ਹੋਰ ਆਗੂਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਆਖੀ |