ਨਿਹਾਲ ਸਿੰਘ ਵਾਲਾ, 28 ਮਈ (ਪਲਵਿੰਦਰ ਸਿੰਘ ਟਿਵਾਣਾ)-ਸੰਯੁਕਤ ਰਾਜ ਅਮਰੀਕਾ ਦੇ ਨਾਮੀ ਕਾਰੋਬਾਰੀ ਅਤੇ ਜਾਣੇ ਪਛਾਣੇ ਸਮਾਜ ਸੇਵਕ ਕਰਮਜੀਤ ਸਿੰਘ ਧਾਲੀਵਾਲ ਸੈਦੋਕੇ ਨੇ ਨਵੀਂ ਦਿੱਲੀ ਵਿਖੇ ਭਾਰਤ ਦੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਮੌਕੇ ਆਚਾਰੀਆ ਡਾ. ਲੋਕੇਸ਼ ਮੁਨੀ ਵੀ ਉਨ੍ਹਾਂ ਨਾਲ ਸਨ | ਕੇਂਦਰੀ ਮੰਤਰੀ ਦੇ ਸਨਮਾਨ ਉਪਰੰਤ ਬਹੁਤ ਹੀ ਸਦਭਾਵਨਾ ਭਰੇ ਮਹੌਲ ਵਿਚ ਕਈ ਵਿਸ਼ਿਆਂ ਤੇ ਖੁੱਲ੍ਹ ਕੇ ਗੱਲਬਾਤ ਹੋਈ | ਖ਼ਾਸ ਕਰਕੇ ਦੇਸ਼ ਭਰ ਦੀਆਂ ਜ਼ਿਲ੍ਹਾ ਪੱਧਰੀ ਅਦਾਲਤਾਂ ਦੇ ਵਿਕਾਸ ਅਤੇ ਆਧੁਨਿਕੀਕਰਨ ਬਾਰੇ ਵਿਚਾਰ ਵਟਾਂਦਰਾ ਹੋਇਆ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਜਿਹਾ ਕਰਨ ਨਾਲ ਮਾਣਯੋਗ ਅਦਾਲਤਾਂ ਦੇ ਕੰਮ ਕਾਜ ਵਿਚ ਹੋਰ ਸੁਧਾਰ ਆਵੇਗਾ ਅਤੇ ਕਾਨੂੰਨ ਵਿਵਸਥਾ ਹੋਰ ਬਿਹਤਰ ਹੋਵੇਗੀ | ਕਰਮਜੀਤ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੇ ਇਸ ਉੱਦਮ ਦੀ ਭਰਵੀਂ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਿਕਾਸਸ਼ੀਲ ਦੇਸ਼ ਨੂੰ ਵਿਕਸਿਤ ਦੇਸ਼ ਵਜੋਂ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ | ਮੋਦੀ ਸਰਕਾਰ ਦੀ ਗਤੀਸ਼ੀਲ ਅਗਵਾਈ ਹੇਠ ਦੇਸ਼ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਇਸ ਦੀ ਅਰਥ ਵਿਵਸਥਾ ਵਿਸ਼ਵ ਦੇ ਮੋਹਰੀ ਅਖਵਾਉਣ ਵਾਲੇ ਦੇਸ਼ਾਂ ਨੂੰ ਪਛਾੜਨ ਲੱਗੀ ਹੈ | ਇਸ ਦੌਰਾਨ ਦੇਸ਼ ਦੇ ਉਜਲੇ ਭਵਿੱਖ ਲਈ ਵੀ ਚਰਚਾ ਹੋਈ |