ਮੋਗਾ, 31 ਮਈ (ਸੁਰਿੰਦਰਪਾਲ ਸਿੰਘ)-ਅੱਜ ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਕੀਤਾ ਜੋ ਕਿ ਪਿੰਡ ਘੱਲ ਕਲਾਂ ਵਿਚ ਕੀਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਇਸ ਸਮੇਂ ਬੁਲਾਰਿਆਂ ਨੇ ਦੱਸਿਆ ਕਿ ਸੰਸਾਰ ਵਿਚ ਜੋ ਈਰਾਨ ਅਤੇ ਅਮਰੀਕਾ ਦੀ ਜੋ ਲੜਾਈ ਚੱਲ ਰਹੀ ਹੈ ਜਿਸ ਕਰ ਕੇ ਸੰਸਾਰ ਆਰਥਿਕ ਮੰਦੀ ਝੱਲ ਰਿਹਾ ਹੈ, ਜੋ ਕਿ ਡੀਜ਼ਲ ਅਤੇ ਪੈਟਰੋਲ ਹਰ ਦਿਨ 2 ਰੁਪਏ ਵੱਧ ਰਿਹਾ ਹੈ ਜਿਸ ਕਰ ਕੇ ਮਹਿੰਗਾਈ ਬਹੁਤ ਹੱਦ ਤੱਕ ਵੱਧ ਰਹੀ ਹੈ ਜਿਸ ਕਰ ਕੇ ਆਮ ਲੋਕਾਂ ਦੀ ਜੇਬ 'ਤੇ ਬੋਝ ਪੈ ਰਿਹਾ | ਇਸ ਸਮੇਂ ਦੇਸ਼ ਦੇ ਹਾਕਮ ਲੋਕਾਂ ਨੂੰ ਆਰਥਿਕ ਮੰਦੀ ਵਿਚੋਂ ਕੱਢਣ ਦੀ ਬਿਜਾਏ ਤੇਲ ਅਤੇ ਖਾਣ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰਨ ਦੀ ਗੱਲ ਆਖ ਰਹੇ, ਇਸ ਦੇ ਉਲਟ ਜੇ ਭਾਰਤ ਅਮਰੀਕਾ ਦੇ ਦਬਾਅ ਨੂੰ ਛੱਡ ਕੇ ਰੂਸ ਤੋਂ ਸਸਤਾ ਕੱਚਾ ਤੇਲ ਖ਼ਰੀਦੇ ਤਾਂ ਤੇਲ ਦੀਆਂ ਕੀਮਤਾਂ ਕਾਫ਼ੀ ਘੱਟ ਸਕਦੀਆਂ ਹਨ | ਇਸ ਮੌਕੇ ਸੂਬਾ ਕਮੇਟੀ ਮੈਂਬਰ ਤੇ ਸਾਬਕਾ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਨੇ ਜ਼ਿਲ੍ਹੇ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿਚ ਜ਼ਿਲ੍ਹਾ ਕਮੇਟੀ ਪੁਰਾਣੇ ਕਾਰਜਕਾਲ ਦੇ ਕੰਮਾਂ ਦੀ ਰਿਪੋਰਟ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚੋਂ ਕੁੱਲ 6950 ਮੈਂਬਰਸ਼ਿਪ ਹੋਈ ਹੈ | ਇਸ ਤੋਂ ਪਹਿਲਾਂ ਜ਼ਿਲ੍ਹੇ ਦੇ 5 ਬਲਾਕਾਂ ਵਿਚ ਡੈਲੀਗੇਟ ਇਜਲਾਸ ਕੀਤਾ ਜਾ ਚੁੱਕਾ ਹੈ | ਸਾਰੇ ਬਲਾਕਾਂ ਦੇ ਵਿਚੋਂ ਵੱਖ-ਵੱਖ ਪਿੰਡਾਂ ਤੋਂ 139 ਡੈਲੀਗੇਟ ਨੇ ਇਜਲਾਸ ਵਿਚ ਸ਼ਮੂਲੀਅਤ ਕੀਤੀ |