ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਫ਼ਰੀਦਕੋਟ ’ਚ ਹਿੰਦੂ-ਸਿੱਖ ਜਥੇਬੰਦੀਆਂ ਦਾ ਇਕੱਠ ਨੌਜਵਾਨਾਂ ਨੇ ਦੋ ਕਥਿਤ ਕਬਜ਼ੇ ਵਾਲੇ ਡੇਰੇ ਹਟਾਏ
ਫ਼ਰੀਦਕੋਟ, 13 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਸ਼ਹਿਰ ਵਿਚ ਸਰਕਾਰੀ ਜ਼ਮੀਨਾਂ ’ਤੇ ਹੋ ਰਹੇ ਗੈਰ-ਕਾਨੂੰਨੀ ਕਬਜ਼ਿਆਂ ਅਤੇ ਬਣ ਰਹੇ ਡੇਰਿਆਂ ਦੇ ਮੁੱਦੇ ਨੂੰ ਲੈ ਕੇ ਅੱਜ ਸ੍ਰੀ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਹਿੰਦੂ-ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਦੇ ਸੁਹਿਰਦ ਨੌਜਵਾਨਾਂ ਦਾ ਇਕ ਵਿਸ਼ਾਲ ਇਕੱਠ ਹੋਇਆ। ਇਕੱਠ ਵਿਚ ਫ਼ਰੀਦਕੋਟ ਦੇ ਭਵਿੱਖ, ਸਰਕਾਰੀ ਜ਼ਮੀਨਾਂ ਦੀ ਰਾਖੀ ਅਤੇ ਸ਼ਹਿਰ ਵਿਚ ਕਾਨੂੰਨ-ਵਿਵਸਥਾ ਨਾਲ ਜੁੜੇ ਮੁੱਦਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਫ਼ਰੀਦਕੋਟ, 13 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਸ਼ਹਿਰ ਵਿਚ ਸਰਕਾਰੀ ਜ਼ਮੀਨਾਂ ’ਤੇ ਹੋ ਰਹੇ ਗੈਰ-ਕਾਨੂੰਨੀ ਕਬਜ਼ਿਆਂ ਅਤੇ ਬਣ ਰਹੇ ਡੇਰਿਆਂ ਦੇ ਮੁੱਦੇ ਨੂੰ ਲੈ ਕੇ ਅੱਜ ਸ੍ਰੀ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਹਿੰਦੂ-ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਦੇ ਸੁਹਿਰਦ ਨੌਜਵਾਨਾਂ ਦਾ ਇਕ ਵਿਸ਼ਾਲ ਇਕੱਠ ਹੋਇਆ। ਇਕੱਠ ਵਿਚ ਫ਼ਰੀਦਕੋਟ ਦੇ ਭਵਿੱਖ, ਸਰਕਾਰੀ ਜ਼ਮੀਨਾਂ ਦੀ ਰਾਖੀ ਅਤੇ ਸ਼ਹਿਰ ਵਿਚ ਕਾਨੂੰਨ-ਵਿਵਸਥਾ ਨਾਲ ਜੁੜੇ ਮੁੱਦਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਲ ਜੀਵਨ ਬਚਾਓ ਮੋਰਚਾ, ਟੀਮ ਗੁਰਸੇਵਕ ਭਾਣਾ, ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫ਼ਤਿਹ, ਸੀਰ, ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ, ਮਾਸਟਰ ਕਰਤਾ ਰਾਮ ਸੇਵਾ ਸੁਸਾਇਟੀ, ਮਿਸਲ ਸਤਲੁਜ ਸਮੇਤ ਕਈ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰੀ ਜ਼ਮੀਨ ਅਤੇ ਜਨਤਕ ਥਾਵਾਂ ਦੀ ਰਾਖੀ ਸਿਰਫ਼ ਪ੍ਰਸ਼ਾਸਨ ਦੀ ਹੀ ਨਹੀਂ, ਸਗੋਂ ਹਰ ਜ਼ਿੰਮੇਵਾਰ ਨਾਗਰਿਕ ਦੀ ਵੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੈਰ-ਕਾਨੂੰਨੀ ਕਬਜ਼ਿਆਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਨਤਕ ਜ਼ਮੀਨਾਂ ਅਤੇ ਸਾਂਝੇ ਸਰੋਤਾਂ ਨੂੰ ਬਚਾਉਣਾ ਮੁਸ਼ਕਿਲ ਹੋ ਸਕਦਾ ਹੈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੁਝ ਕਥਿਤ ਗੈਰ-ਕਾਨੂੰਨੀ ਡੇਰਿਆਂ ਵਿਚ ਨਸ਼ਿਆਂ ਦੀ ਵਿਕਰੀ, ਬਿਜਲੀ ਚੋਰੀ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਏ ਅਤੇ ਜੇਕਰ ਕੋਈ ਕਬਜ਼ਾ ਜਾਂ ਗੈਰ-ਕਾਨੂੰਨੀ ਗਤੀਵਿਧੀ ਸਾਬਤ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਡੀਸੀ ਅਤੇ ਐਸਐਸਪੀ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਮੰਗ ਪੱਤਰ ਆਗੂਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਿਛਲੇ ਹਫ਼ਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਐਸਐਸਪੀ ਫ਼ਰੀਦਕੋਟ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਮੁਤਾਬਿਕ ਪ੍ਰਸ਼ਾਸਨ ਵਲੋਂ ਮਾਮਲੇ ਦਾ ਨੋਟਿਸ ਲੈਂਦਿਆਂ ਕੁਝ ਕਥਿਤ ਗੈਰ-ਕਾਨੂੰਨੀ ਡੇਰਿਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਤਲਵੰਡੀ ਰੋਡ ਅਤੇ ਕੋਟਕਪੂਰਾ ਰੋਡ ’ਤੇ ਦੋ ਡੇਰੇ ਹਟਾਏ ਇਕੱਠ ਤੋਂ ਬਾਅਦ ਨੌਜਵਾਨਾਂ ਨੇ ਕਥਿਤ ਤੌਰ ’ਤੇ ਸਰਕਾਰੀ ਜ਼ਮੀਨ ’ਤੇ ਕੀਤੇ ਕਬਜ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਤਲਵੰਡੀ ਰੋਡ ਦੀ ਇਕ ਗਲੀ ਵਿਚ ਬਣੇ ਡੇਰੇ ਨੂੰ ਹਟਾ ਦਿੱਤਾ। ਇਸ ਤੋਂ ਇਲਾਵਾ ਕੋਟਕਪੂਰਾ ਰੋਡ ’ਤੇ ਗੁਰਦੁਆਰਾ ਸ੍ਰੀ ਮਾਈ ਗੋਦੜੀ ਸਾਹਿਬ ਦੇ ਸਾਹਮਣੇ ਬਣੇ ਇਕ ਹੋਰ ਕਥਿਤ ਕਬਜ਼ੇ ਵਾਲੇ ਡੇਰੇ ਨੂੰ ਵੀ ਹਟਾਇਆ ਗਿਆ। ਨੌਜਵਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਧਰਮ ਜਾਂ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਸਰਕਾਰੀ ਜ਼ਮੀਨਾਂ ਅਤੇ ਜਨਤਕ ਹਿੱਤਾਂ ਦੀ ਰਾਖੀ ਲਈ ਆਵਾਜ਼ ਉਠਾਉਣਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਕਾਰਵਾਈਆਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਖੁਦ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੀ ਸਥਿਤੀ ਪੈਦਾ ਨਾ ਹੋਵੇ। ਟੀਮ ਦੇ ਆਗੂ ਗੁਰਸੇਵਕ ਸਿੰਘ ਭਾਣਾ, ਸ਼ੰਕਰ ਸ਼ਰਮਾ ਜਲ ਜੀਵਨ ਬਚਾਓ ਮੋਰਚਾ, ਸ਼ਰਨਜੀਤ ਸਿੰਘ ਸਰਾਂ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ, ਰਣਪਿੰਦਰ ਸਿੰਘ ਗੋਲਡੀ ਮਿਸਲ ਸਤਲੁਜ ਅਤੇ ਮੱਘਰ ਸਿੰਘ ਸੇਵਾਦਾਰ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਸਾਹਿਬ ਨੇ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਤੋਂ ਬਾਅਦ ਵੀ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਜਾਗਰੂਕਤਾ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਜਾਰੀ ਰੱਖੀ ਜਾਵੇਗੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਚਾਹੁੰਦੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਰ ਗੈਰ-ਕਾਨੂੰਨੀ ਕਬਜ਼ੇ ਦੀ ਜਾਂਚ ਕਰੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਵਾਈ ਦੌਰਾਨ ਕੋਈ ਵਿਰੋਧ ਜਾਂ ਕਾਨੂੰਨ-ਵਿਵਸਥਾ ਦੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਨੂੰ ਪ੍ਰਸ਼ਾਸਨ ਵਲੋਂ ਕਾਨੂੰਨੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਦੋਵੇਂ ਥਾਵਾਂ ’ਤੇ ਕਬਜ਼ੇ ਹਟਾਉਣ ਤੋਂ ਬਾਅਦ ਗੁਰਦੁਆਰਾ ਸ੍ਰੀ ਮਾਈ ਗੋਦੜੀ ਸਾਹਿਬ ਵਿਖੇ ਸ਼ੁਕਰਾਨਾ ਬੇਨਤੀ ਕੀਤੀ ਗਈ ਅਤੇ ਇਸ ਉਪਰੰਤ ਅੱਜ ਦੀ ਕਾਰਵਾਈ ਸਮਾਪਤ ਕੀਤੀ ਗਈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਫ਼ਰੀਦਕੋਟ ਵਿਚ ਸਰਕਾਰੀ ਜ਼ਮੀਨਾਂ, ਜਨਤਕ ਥਾਵਾਂ ਅਤੇ ਲੋਕ ਹਿੱਤਾਂ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸੇ ਵੀ ਨਾਗਰਿਕ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਲੋੜ ਨਾ ਪਵੇ ਅਤੇ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਕਾਨੂੰਨ ਅਨੁਸਾਰ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾਵੇ।