ਪਟਿਆਲਾ, 31 ਦਸੰਬਰ (ਮਨਦੀਪ ਸਿੰਘ ਖਰੌੜ)-ਸਾਬਕਾ ਆਈ.ਜੀ. ਅਮਰ ਸਿੰਘ ਚਹਿਲ ਨਾਲ ਆਨਲਾਈਨ 8 ਕਰੋੜ ਦੀ ਠੱਗੀ ਹੋਣ ਦੇ ਮਾਮਲੇ 'ਚ ਪਟਿਆਲਾ ਪੁਲਿਸ ਦੀਆਂ ਟੀਮਾਂ ਵਲੋਂ ਮਹਾਰਾਸ਼ਟਰ ਦੇ ਥਾਣਾ ਇਲਾਕੇ 'ਚੋਂ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ 'ਚ ਪੁਲਿਸ ਨੇ 500 ਦੇ ਕਰੀਬ ਫ਼ਰਜ਼ੀ ਸਿੰਮ ਵੀ ਬਰਾਮਦ ਕੀਤੇ ਹਨ | ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਮਾਮਲੇ 'ਚ ਇਕ ਵਿਅਕਤੀ ਦੁਬਈ ਦਾ ਹੈ ਜਿਸ ਦੀ ਗਿ੍ਫ਼ਤਾਰੀ ਬਾਕੀ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਸਾਰਾ ਆਨਲਾਈਨ ਠੱਗੀ ਦਾ ਧੰਦਾ ਦੁਬਈ ਤੋਂ ਚਲ ਰਿਹਾ ਸੀ ਪਰ ਹਾਲੇ ਤਕ ਇਸ ਸੰਬੰਧੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਚੁੱਪੀ ਨਹੀਂ ਤੋੜੀ ਹੈ ਕਿ ਇਸ ਮਾਮਲੇ 'ਚ ਹੁਣ ਤਕ ਕਿੰਨੇ ਵਿਅਕਤੀ ਗਿ੍ਫ਼ਤਾਰ ਕੀਤੇ ਗਏ ਹਨ | ਇਹ ਵੀ ਪਤਾ ਲੱਗਾ ਹੈ ਕਿ ਬਰਾਮਦ ਕੀਤੇ ਗਏ 'ਚੋਂ ਜ਼ਿਆਦਾਤਰ ਸਿੰਮ ਬੰਦ ਪਏ ਹਨ ਅਤੇ ਮੁਲਜ਼ਮਾਂ ਤੋਂ ਇਕ ਡਾਇਰੀ ਵੀ ਬਰਾਮਦ ਹੋਈ ਹੈ ਜਿਸ 'ਚ ਸਾਰੇ ਸਿੰਮਾਂ ਬਾਰੇ ਜਾਣਕਾਰੀ ਸੀ | ਦੂਜੇ ਪਾਸੇ ਇਸ ਮਾਮਲੇ ਤੋਂ ਪੀੜਤ ਸਾਬਕਾ ਆਈ.ਜੀ. ਅਮਰ ਸਿੰਘ ਚਾਹਲ ਦੀ ਹਾਲਤ ਬਿਲਕੁਲ ਠੀਕ ਹੈ ਤੇ ਉਨ੍ਹਾਂ ਹਸਪਤਾਲ 'ਚੋਂ ਇਕ ਵੀਡੀਓ ਜਾਰੀ ਕਰਦਿਆਂ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ ਹੈ | ਇਸ ਸੰਬੰਧੀ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ 'ਚ ਕੁਝ ਮੁਲਜ਼ਮ ਗਿ੍ਫ਼ਤਾਰ ਕੀਤੇ ਗਏ ਹਨ ਪਰ ਹਾਲੇ ਇਸ ਕੇਸ ਦੀ ਪੜਤਾਲ ਚਲ ਰਹੀ ਹੈ ਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਕੇਸ ਬਾਰੇ ਹੋਰ ਦੱਸਿਆ ਜਾ ਸਕਦਾ ਹੈ |