ਕੋਰੋਨਾ ਮਹਾਂਮਾਰੀ ਦੇ ਸਮੇਂ ਤੋਂ ਬਾਅਦ ਮਹਿੰਗਾਈ ਤੋਂ ਬਚੀ ਰਹੀ ਹੈ ਰਸੋਈ
ਜਲੰਧਰ, 1 ਜਨਵਰੀ (ਸ਼ਿਵ ਸ਼ਰਮਾ)-ਲੋਕਾਂ ਦੀ ਰਸੋਈ 'ਚ ਖਾਣ ਵਾਲੇ ਤੇਲਾਂ ਸਮੇਤ ਦਾਲਾਂ, ਆਟੇ ਦੀਆਂ ਕੀਮਤਾਂ ਹਮੇਸ਼ਾਂ ਹੀ ਲੋਕਾਂ ਦੀ ਜੇਬ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ ਤੇ ਨਵੇਂ ਸਾਲ ਮੌਕੇ ਵੀ ਲੋਕਾਂ ਦੀਆਂ ਨਜ਼ਰਾਂ ਇਨ੍ਹਾਂ ਕੀਮਤਾਂ 'ਤੇ ਹੀ ਲੱਗੀਆਂ ਰਹਿੰਦੀਆਂ ਹਨ ਕਿ ਇਨ੍ਹਾਂ ਚੀਜ਼ਾਂ ਦੀ ਕੀਮਤਾਂ ਸਥਿਰ ਰਹਿਣਗੀਆਂ ਜਿਸ ਨਾਲ ਉਨ੍ਹਾਂ ਦੀ ਜੇਬ 'ਤੇ ਕੋਈ ਜ਼ਿਆਦਾ ਅਸਰ ਤਾਂ ਨਹੀਂ ਪਏਗਾ | ਥੋਕ ਕਾਰੋਬਾਰੀ ਬਾਜ਼ਾਰ ਦੇ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਸਾਲ ਵਾਂਗ ਇਸ ਸਾਲ ਵੀ ਲੋਕਾਂ ਦੀ ਰਸੋਈ ਮਹਿੰਗਾਈ ਦੇ ਅਸਰ ਤੋਂ ਬਚੀ ਰਹੇਗੀ ਕਿਉਂਕਿ ਕਾਰੋਬਾਰੀ ਇਸ ਦਾ ਇਕ ਵੱਡਾ ਕਾਰਨ ਇਹ ਵੀ ਦੱਸਦੇ ਹਨ ਕਿ ਜਿੱਥੇ ਕੇਂਦਰ ਵਲੋਂ ਮਹਿੰਗਾਈ ਨੂੰ ਵਧਣ ਤੋਂ ਰੋਕਣ ਲਈ ਨਿਗਰਾਨੀ ਕੀਤੀ ਜਾਂਦੀ ਰਹੀ ਹੈ ਤਾਂ ਉੱਥੇ ਚੰਗੇ ਮੀਂਹ ਪੈਣ ਕਰਕੇ ਫ਼ਸਲਾਂ ਵੀ ਚੰਗੀਆਂ ਹੋਣ ਦੀ ਸੂਚਨਾ ਹੈ ਤਾਂ ਇਸ ਨਾਲ ਇਸ ਸਾਲ ਵੀ ਲੋਕਾਂ ਲਈ ਬਾਜ਼ਾਰ ਦਾ ਰੁੱਖ ਰਾਹਤ ਦੇਣ ਵਾਲਾ ਸਾਬਤ ਹੋਵੇਗਾ | ਲੋਕਾਂ ਲਈ ਕੋਰੋਨਾ ਮਹਾਂਮਾਰੀ ਵਾਲਾ ਸਮਾਂ ਕਾਫ਼ੀ ਪੇ੍ਰਸ਼ਾਨੀ ਵਾਲਾ ਰਿਹਾ ਹੈ ਰਿਹਾ ਹੈ ਕਿਉਂਕਿ ਸਾਲ 2020-21 ਵਿਚ ਲੋਕਾਂ ਦੇ ਕਾਰੋਬਾਰ ਵੀ ਕਾਫ਼ੀ ਪ੍ਰਭਾਵਿਤ ਰਹੇ ਸੀ ਸਗੋਂ ਲੋਕਾਂ ਦੀ ਰਸੋਈ 'ਤੇ ਮਹਿੰਗਾਈ ਦਾ ਭਾਰ ਪਿਆ ਸੀ | ਉਸ ਵੇਲੇ ਖਾਣ ਵਾਲੇ ਤੇਲ ਦੀਆਂ ਕੀਮਤਾਂ 2800 ਰੁਪਏ ਤੋਂ ਲੈ ਕੇ 2900 ਰੁਪਏ ਟੀਨ ਤੱਕ ਪੁੱਜ ਗਈਆਂ ਸੀ | ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਪਹਿਲੀ ਬਾਰ ਤੇਜ਼ੀ ਨਾਲ ਵਧੀਆਂ ਸੀ ਪਰ ਉਸ ਤੋਂ ਕੁਝ ਸਮੇਂ ਬਾਅਦ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਕਾਫ਼ੀ ਹੇਠਾਂ ਆ ਗਈਆਂ ਸੀ ਜਿਹੜੀ ਕਿ ਹੁਣ ਤੱਕ ਸਥਿਰ ਚੱਲ ਰਹੀਆਂ ਹਨ | ਇਸ ਤਰ੍ਹਾਂ ਨਾਲ ਦਾਲਾਂ ਦੀਆਂ ਕੀਮਤਾਂ ਵੀ ਸਥਿਰ ਰਹੀਆਂ ਹਨ ਸਗੋਂ ਮਸਾਲੇ ਵਿਚ ਕੰਮ ਆਉਣ ਵਾਲੀ ਛੋਟੀ ਇਲਾਇਚੀ ਸਮੇਤ ਹੋਰ ਕੁੱਝ ਚੀਜ਼ਾਂ ਦੀਆਂ ਕੀਮਤਾਂ ਵਿਚ ਜਰੂਰ ਤੇਜ਼ੀ ਰਹੀ ਸੀ | ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 2300 ਰੁਪਏ ਤੋਂ ਲੈ ਕੇ 2400 ਰੁਪਏ ਪ੍ਰਤੀ ਟੀਨ ਤੱਕ ਹੀ ਸਥਿਰ ਰਹੀਆਂ ਹਨ | ਥੋਕ ਬਾਜ਼ਾਰ ਕਾਰੋਬਾਰੀ ਅਨਿਲ ਕੁਮਾਰ ਸੋਨੀ ਦਾ ਕਹਿਣਾ ਸੀ ਕਿ ਕੋੋਰੋਨਾ ਮਹਾਂਮਾਰੀ ਦਾ ਸਮਾਂ ਬੀਤਣ ਤੋਂ ਬਾਅਦ ਖਾਣ ਵਾਲੇ ਤੇਲਾਂ, ਦਾਲਾਂ ਤੇ ਹੋਰ ਸਮਾਨ ਦੀਆਂ ਕੀਮਤਾਂ ਵਿਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ ਤਾਂ ਸਥਿਰ ਰਹੀਆਂ ਹਨ | ਅਨਿਲ ਸੋਨੀ ਦਾ ਕਹਿਣਾ ਸੀ ਕਿ ਚਾਹੇ ਇਸ ਸਾਲ ਭਿਆਨਕ ਹੜ੍ਹਾਂ ਕਰਕੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਦੀ ਲੰਬੇ ਸਮੇਂ ਤੱਕ ਭਰਪਾਈ ਨਹੀਂ ਕੀਤੀ ਜਾ ਸਕੇਗੀ ਪਰ ਇਸ ਦੇ ਬਾਵਜੂਦ ਝੋਨੇ ਦੀ ਫ਼ਸਲ ਅਤੇ ਕਣਕ ਦੀ ਫ਼ਸਲ ਵੀ ਚੰਗੀ ਹੋਣ ਕਰਕੇ ਇਸ ਸਾਲ ਆਟੇ, ਮੈਦੇ ਦੀਆਂ ਕੀਮਤਾਂ ਵਿਚ ਤੇਜ਼ੀ ਦੀ ਸੰਭਾਵਨਾ ਨਹੀਂ ਹੈ ਸਗੋਂ ਹੋਰ ਦਾਲਾਂ ਸਮੇਤ ਹੋਰ ਫ਼ਸਲਾਂ ਵੀ ਕਾਫ਼ੀ ਚੰਗੀਆਂ ਹਨ, ਜਿਸ ਨਾਲ ਹੋਰ ਸਮਾਨ ਵਿਚ ਵੀ ਤੇਜ਼ੀ ਦੀ ਸੰਭਾਵਨਾ ਨਹੀਂ ਹੈ | ਇਸ ਵੇਲੇ ਵੀ ਸਰਕਾਰੀ ਕਣਕ ਦੀ ਕੀਮਤ 2650 ਰੁਪਏ ਤੋਂ ਲੈ ਕੇ 2750 ਰੁਪਏ ਕੁਇੰਟਲ ਤੱਕ ਚੱਲ ਰਹੀ ਹੈ | ਉਂਜ ਕਣਕ ਦੀ ਨਵੀਂ ਫ਼ਸਲ ਆਉਣ ਤੋਂ ਪਹਿਲਾਂ ਕੀਮਤਾਂ ਵਿਚ ਕੁਝ ਤੇਜ਼ੀ ਰਹਿੰਦੀ ਹੈ ਪਰ ਨਵੀਂ ਫ਼ਸਲ ਦੇ ਆਉਣ ਤੋਂ ਬਾਅਦ ਕਣਕ ਦੀਆਂ ਕੀਮਤਾਂ ਕਾਰੋਬਾਰੀਆਂ ਨੂੰ ਰਾਹਤ ਮਿਲਦੀ ਹੈ |
ਇਸ ਸਾਲ ਖਾਣ ਵਾਲੇ ਤੇਲਾਂ ਤੇ ਦਾਲਾਂ ਦੀਆਂ ਕੀਮਤਾਂ ਦੇ ਸਥਿਰ ਰਹਿਣ ਦੀ ਆਸ
ਅਜੀਤ ਡੈਸਕ
02-01-2026