ਚੰਡੀਗੜ੍ਹ, 1 ਜਨਵਰੀ (ਸੰਦੀਪ ਕੁਮਾਰ ਮਾਹਨਾ)-ਮਗਨਰੇਗਾ ਤਹਿਤ ਕੇਂਦਰ ਸਰਕਾਰ ਵੱਲ 23,446 ਕਰੋੜ ਰੁਪਏ ਬਕਾਇਆ ਹੋਣ ਦੀ ਗੱਲ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਇਹ ਗੱਲ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਕਰਦਿਆਂ ਆਖੀ | ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਸੰਬੰਧੀ ਸਥਾਈ ਕਮੇਟੀ (2024-25) ਦੀ ਰਿਪੋਰਟ ਦੇ ਅੰਕੜਿਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਰਿਪੋਰਟ ਦਾ ਹਵਾਲਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਦਿੱਤਾ ਜਾ ਰਿਹਾ ਹੈ, ਉਸੇ ਰਿਪੋਰਟ ਦੇ ਅਗਲੇ ਪੰਨੇ 'ਤੇ ਸਪਸ਼ਟ ਤੌਰ 'ਤੇ ਦਰਜ ਹੈ ਕਿ ਸਾਲ 2024-25 ਲਈ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਸੰਬੰਧੀ ਕਿਸੇ ਵੀ ਸੂਬੇ ਦਾ ਕੋਈ ਬਕਾਇਆ ਨਹੀਂ ਹੈ | ਇਸ ਮੌਕੇ ਸਾਬਕਾ ਆਈ.ਏ.ਐਸ. ਅਧਿਕਾਰੀ ਤੇ ਸੂਬਾ ਬੁਲਾਰੇ ਐਸ. ਐਸ. ਚੰਨੀ, ਮੀਡੀਆ ਮੁਖੀ ਵਿਨੀਤ ਜੌਸ਼ੀ ਵੀ ਹਾਜ਼ਰ ਸਨ | ਅਨਿਲ ਸਰੀਨ ਨੇ ਦੱਸਿਆ ਕਿ ਮਨਰੇਗਾ ਅਧੀਨ ਹਰ ਸਾਲ 1 ਅਪ੍ਰੈਲ ਦੇ ਪਹਿਲੇ ਪਖਵਾੜੇ ਵਿਚ ਹੀ ਸੂਬਿਆਂ ਨੂੰ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਜਾਂਦੀ ਹੈ | ਇਸ ਤੋਂ ਬਾਅਦ ਨਿਯਮਾਂ ਅਨੁਸਾਰ ਵਰਤੋਂ ਸਰਟੀਫਿਕੇਟ ਭੇਜਣ 'ਤੇ ਅਗਲੀ ਕਿਸ਼ਤ ਤੁਰੰਤ ਜਾਰੀ ਕੀਤੀ ਜਾਂਦੀ ਹੈ ਪਰ ਜੇ ਕੋਈ ਸੂਬਾ ਨਿਰਧਾਰਤ ਸਮੇਂ ਅੰਦਰ ਵਰਤੋਂ ਸਰਟੀਫਿਕੇਟ ਨਹੀਂ ਭੇਜਦਾ ਤਾਂ ਮਨਰੇਗਾ ਕਾਨੂੰਨ ਅਨੁਸਾਰ ਕੇਂਦਰ ਸਰਕਾਰ ਅਗਲੀ ਕਿਸ਼ਤ ਜਾਰੀ ਨਹੀਂ ਕਰ ਸਕਦੀ | ਸਰੀਨ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ 13,304 ਪੰਚਾਇਤਾਂ ਵਿਚੋਂ 5,915 ਪੰਚਾਇਤਾਂ ਦਾ ਅਜੇ ਤੱਕ ਆਡਿਟ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਅਧੀਨ 10,653 ਧੋਖਾਧੜੀ ਅਤੇ ਫਰਜ਼ੀਵਾੜੇ ਦੇ ਮਾਮਲੇ ਸਾਹਮਣੇ ਆਏ ਹਨ ਪਰ ਆਪ ਸਰਕਾਰ ਇਨ੍ਹਾਂ 'ਤੇ ਕੋਈ ਠੋਸ ਕਾਰਵਾਈ ਕਰਨ ਤੋਂ ਬਚ ਰਹੀ ਹੈ |
ਮਗਨਰੇਗਾ ਬਕਾਇਆ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ 'ਆਪ' ਸਰਕਾਰ-ਅਨਿਲ ਸਰੀਨ <br/>
ਅਜੀਤ ਡੈਸਕ
02-01-2026