ਚੰਡੀਗੜ੍ਹ, 2 ਜਨਵਰੀ (ਸੰਦੀਪ ਕੁਮਾਰ ਮਾਹਨਾ)ਕੇਂਦਰ ਸਰਕਾਰ ਨੇ ਹਰਿਆਣਾ ਦੇ 2 ਨਿਆਂਇਕ ਅਧਿਕਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਵਧੀਕ ਜੱਜ ਨਿਯੁਕਤ ਕਰਨ ਦੀ ਅਧਿਸੂਚਨਾ ਜਾਰੀ ਕੀਤੀ ਹੈ | ਕਾਨੂੰਨ ਅਤੇ ਨਿਆਂ ਮੰਤਰਾਲੇ ਵਲੋਂ ਜਾਰੀ ਅਧਿਸੂਚਨਾ ਮੁਤਾਬਿਕ ਰਾਸ਼ਟਰਪਤੀ ਨੇ ਨਿਆਇਕ ਅਧਿਕਾਰੀ ਰਮੇਸ਼ ਚੰਦਰ ਦਿਮਰੀ ਅਤੇ ਨੀਰਜਾ ਕੁਲਵੰਤ ਕੌਰ ਕਲਸਨ ਨੂੰ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਹੈ | ਇਨ੍ਹਾਂ ਨਿਯੁਕਤੀਆਂ ਨਾਲ ਹਾਈ ਕੋਰਟ ਦੀ ਕਾਰਜਸ਼ੀਲ ਸੰਖਿਆ ਵੱਧ ਕੇ 61 ਹੋ ਗਈ ਹੈ, ਜਦੋਂਕਿ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ 85 ਹੈ | ਇਹ ਨਿਯੁਕਤੀਆਂ ਸੁਪਰੀਮ ਕੋਰਟ ਕਾਲਜੀਅਮ ਦੀ 16 ਦਸੰਬਰ, 2025 ਨੂੰ ਹੋਈ ਬੈਠਕ ਦੌਰਾਨ ਕੀਤੀਆਂ ਗਈਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਕੀਤੀਆਂ ਗਈਆਂ ਹਨ | ਹਾਈ ਕੋਰਟ 'ਚ ਲੰਬੇ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਨੂੰ ਦੇਖਦੇ ਹੋਏ ਇਨ੍ਹਾਂ ਨਿਯੁਕਤੀਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ | ਕੌਮੀ ਨਿਆਂਇਕ ਡਾਟਾ ਗਰਿੱਡ ਅਨੁਸਾਰ ਹਾਈ ਕੋਰਟ 'ਚ ਲੰਬਿਤ ਮਾਮਲਿਆਂ ਦੀ ਗਿਣਤੀ 4 ਲੱਖ 20 ਹਜ਼ਾਰ 880 ਹੈ, ਜੋ ਜਨਵਰੀ 2025 'ਚ ਦਰਜ 4 ਲੱਖ 32 ਹਜ਼ਾਰ 227 ਮਾਮਲਿਆਂ ਦੀ ਤੁਲਨਾ 'ਚ 11 ਹਜ਼ਾਰ 347 ਘੱਟ ਹੈ | ਵਧੀਕ ਜੱਜਾਂ ਦੀ ਨਿਯੁਕਤੀ ਨਾਲ ਲੰਬਿਤ ਮਾਮਲਿਆਂ ਦੇ ਨਿਪਟਾਰੇ 'ਚ ਹੋਰ ਤੇਜ਼ੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ |