ਗੁਰਾਇਆ (ਜਲੰਧਰ), 3 ਜਨਵਰੀ (ਬਲਵਿੰਦਰ ਸਿੰਘ)-ਇਥੋਂ ਦੇ ਇਕ ਨੌਜਵਾਨ ਦੀ ਰੂਸ ਯੂਕਰੇਨ ਜੰਗ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ | ਮਨਦੀਪ ਕੁਮਾਰ (30), ਜਿਸ ਨੂੰ ਏਜੰਟਾਂ ਵਲੋਂ ਰੂਸ ਭੇਜਿਆ ਗਿਆ ਸੀ, ਨੂੰ ਜ਼ਬਰਦਸਤੀ ਰੂਸੀ ਫ਼ੌਜ ਵਿਚ ਭਰਤੀ ਕਰਵਾ ਕੇ ਲੜਾਈ ਵਿਚ ਝੋਕ ਦਿੱਤਾ ਗਿਆ ਸੀ | ਮਨਦੀਪ ਦੀ ਤਲਾਸ਼ ਉਸ ਦਾ ਭਰਾ ਪਿਛਲੇ ਸਵਾ ਡੇਢ ਸਾਲ ਤੋਂ ਕਰ ਰਿਹਾ ਸੀ ਪਰ ਮਨਦੀਪ ਨਵੰਬਰ 2025 ਵਿਚ ਰੂਸ ਦੇ ਯੁੱਧ ਮੋਰਚੇ 'ਤੇ ਡਰੋਨ ਹਮਲੇ ਦੌਰਾਨ ਮਾਰਿਆ ਗਿਆ ਸੀ | ਇਹ ਜਾਣਕਾਰੀ ਉਸ ਦੇ ਭਰਾ ਜਗਦੀਪ ਕੁਮਾਰ ਨੇ ਦਿੱਤੀ | ਮਨਦੀਪ ਕੁਮਾਰ ਇਕ ਪੈਰ ਤੋਂ ਅਪਾਹਜ ਵੀ ਸੀ | ਮਨਦੀਪ ਕੁਮਾਰ ਨੂੰ 2023 ਵਿਚ ਏਜੰਟਾਂ ਵਲੋਂ ਫਿਨਲੈਂਡ ਭੇਜਣ ਦੇ ਝਾਂਸੇ ਹੇਠ ਰੂਸੀ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਗਿਆ ਸੀ | ਜਗਦੀਪ ਨੇ ਦੱਸਿਆ ਕਿ ਮਨਦੀਪ ਕੁਮਾਰ ਦੀ ਲਾਸ਼ ਭਾਰਤੀ ਦੂਤਘਰ ਦੀ ਮਦਦ ਨਾਲ ਭਾਰਤ ਲਿਆਈ ਗਈ ਹੈ | ਜਗਦੀਪ ਕੁਮਾਰ ਨੇ ਦੱਸਿਆਂ ਕਿ ਉਸ ਨੇ ਨਵੰਬਰ 'ਚ ਦੂਜੀ ਵਾਰ ਆਪਣਾ ਡੀ.ਐਨ.ਏ. ਭੇਜਿਆ ਸੀ, ਜਿਸ ਤੋਂ ਇਕ ਹਫ਼ਤਾ ਬਾਅਦ ਮਨਦੀਪ ਦੀ ਮੌਤ ਦੀ ਪੁਸ਼ਟੀ ਹੋ ਗਈ ਸੀ | ਮੈਨੂੰ ਦੱਸਿਆ ਗਿਆ ਕਿ ਉਹ ਯੁੱਧ ਦੌਰਾਨ ਡਰੋਨ ਹਮਲੇ ਵਿਚ ਮਾਰਿਆ ਗਿਆ ਹੈ | ਜਗਦੀਪ ਨੇ ਦੱਸਿਆ ਕਿ ਉਹ ਮਾਰਚ 2025 ਅਤੇ ਫਿਰ ਅਕਤੂਬਰ 2025 ਵਿਚ ਦੋ ਵਾਰ ਰੂਸ ਗਿਆ ਸੀ | ਅਕਤੂਬਰ ਦੌਰੇ ਸਮੇਂ ਉਹ ਮਨਦੀਪ ਕੁਮਾਰ ਦੇ ਕਮਾਂਡਰ ਨੂੰ ਮਿਲਿਆ ਸੀ | ਜਦੋਂ ਉਸ ਨੇ ਰੋਸਤੋਵ ਵੱਲ ਜਾਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਕਮਾਂਡਰ ਨੇ ਯੁੱਧ ਖੇਤਰ ਹੋਣ ਕਰਕੇ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਵਕੀਲ ਮੁਹੱਈਆ ਕਰਵਾਉਣ ਦੀ ਗੱਲ ਕਹੀ | ਇਸ ਤੋਂ ਬਾਅਦ ਜਗਦੀਪ ਨੇ ਮੁੜ ਡੀ.ਐਨ.ਏ. ਦਿੱਤਾ | ਜਗਦੀਪ ਨੇ ਕਿਹਾ ਕਿ ਉਸ ਨੂੰ ਨਵੰਬਰ ਵਿਚ ਮੌਤ ਦੀ ਜਾਣਕਾਰੀ ਮਿਲ ਗਈ ਸੀ ਪਰ ਮਾਤਾ-ਪਿਤਾ ਦੀ ਹਾਲਤ ਦੇ ਮੱਦੇਨਜ਼ਰ ਇਹ ਗੱਲ ਹੁਣ ਤੱਕ ਦੱਸ ਨਹੀਂ ਸਕੇ | ਮਨਦੀਪ ਆਪਣੇ ਪਿੱਛੇ ਮਾਂ, ਪਿਉ, ਭਰਾ, ਭਾਬੀ ਤੇ ਇਕ ਭਤੀਜੇ ਨੂੰ ਛੱਡ ਗਿਆ ਹੈ | ਮਨਦੀਪ ਦੀ ਲਾਸ਼ ਦੇਰ ਰਾਤ ਤੱਕ ਗੁਰਾਇਆ ਪੁੱਜੇਗੀ, ਜਿਥੇ ਉਸ ਦਾ ਸਸਕਾਰ ਕੀਤਾ ਜਾਵੇਗਾ |
ਗੁਰਾਇਆ ਦੇ ਨੌਜਵਾਨ ਦੀ ਰੂਸ-ਯੂਕਰੇਨ ਜੰਗ ਵਿਚ ਮੌਤ-ਲਾਸ਼ ਭਾਰਤ ਪੁੱਜੀ <br/>
ਅਜੀਤ ਡੈਸਕ
04-01-2026