ਚੰਡੀਗੜ੍ਹ, 4 ਜਨਵਰੀ (ਸੰਦੀਪ ਕੁਮਾਰ ਮਾਹਨਾ)-ਕਾਲਕਾ-ਚੰਡੀਗੜ੍ਹ (12006) ਸ਼ਤਾਬਦੀ ਐਕਸਪੈੱ੍ਰਸ ਰੇਲ ਗੱਡੀ ਨਾਲ ਜੁੜੇ ਗੰਭੀਰ ਹਾਦਸੇ ਮਾਮਲੇ 'ਚ ਰੇਲਵੇ ਪੁਲਿਸ ਵਲੋਂ ਸ਼ਤਾਬਦੀ ਐਕਸਪੈੱ੍ਰਸ ਗੱਡੀ ਦੇ ਲੋਕੋ ਪਾਇਲਟ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਕੀਤੀ ਗਈ ਹੈ | ਘਟਨਾ ਉਸ ਸਮੇਂ ਵਾਪਰੀ, ਜਦੋਂ ਬਿਨਾਂ ਕਿਸੇ ਸੂਚਨਾ (ਐਲਾਨ) ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਰੇਲ ਗੱਡੀ ਚਲਾ ਦਿੱਤੀ ਗਈ, ਜਿਸ ਕਾਰਨ ਪਲੇਟਫ਼ਾਰਮ 'ਤੇ ਭਾਰੀ ਭਾਜੜ ਮੱਚ ਗਈ ਅਤੇ ਕਈ ਮੁਸਾਫ਼ਰ ਹੇਠਾਂ ਡਿਗ ਕੇ ਜ਼ਖ਼ਮੀ ਹੋ ਗਏ | ਜਾਣਕਾਰੀ ਮੁਤਾਬਿਕ ਪਲੇਟਫ਼ਾਰਮ 'ਤੇ ਰੇਲ ਗੱਡੀ ਖੜੀ ਹੋਣ ਦੌਰਾਨ ਕਈ ਯਾਤਰੀ ਸ਼ਤਾਬਦੀ ਐਕਸਪੈੱ੍ਰਸ 'ਚ ਸਵਾਰ ਹੋ ਰਹੇ ਸਨ, ਜਦਕਿ ਕੁਝ ਉਤਰ ਰਹੇ ਸਨ | ਅਚਾਨਕ ਰੇਲ ਗੱਡੀ ਦੇ ਤੁਰ ਪੈਣ ਨਾਲ ਲੋਕ ਆਪਣਾ ਸੰਤੁਲਨ ਗੁਆ ਬੈਠੇ ਤੇ ਕੁਝ ਮੁਸਾਫ਼ਰ ਪਲੇਟਫ਼ਾਰਮ ਅਤੇ ਕੁਝ ਰੇਲ ਗੱਡੀ ਦੇ ਵਿਚਕਾਰ ਫਸ ਗਏ, ਜਦਕਿ ਕਈ ਲੋਕ ਪਲੇਟਫ਼ਾਰਮ ਤੋਂ ਹੇਠਾਂ ਡਿਗ ਪਏ | ਹਾਦਸੇ ਦੌਰਾਨ ਜ਼ਖ਼ਮੀ ਹੋਏ ਮੁਸਾਫ਼ਰਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਹਾਦਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਹੋ ਗਏ ਹਨ | ਮੁਸਾਫ਼ਰਾਂ ਨੇ ਦੋਸ਼ ਲਗਾਇਆ ਕਿ ਬਿਨਾਂ ਐਲਾਨ ਕੀਤੇ ਰੇਲ ਗੱਡੀ ਚਲਾਉਣਾ ਸਿੱਧੀ ਤਰ੍ਹਾਂ ਮੁਸਾਫ਼ਰਾਂ ਦੀ ਜਾਨ ਨਾਲ ਖਿਲਵਾੜ ਹੈ | ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |