ਚੰਡੀਗੜ੍ਹ, 4 ਜਨਵਰੀ (ਸੰਦੀਪ ਕੁਮਾਰ ਮਾਹਨਾ)ਪੰਜਾਬ ਤੇ ਚੰਡੀਗੜ੍ਹ 'ਚ ਪੈਂਦੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਆਮ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ | ਮੌਸਮ ਵਿਭਾਗ ਵਲੋਂ 7 ਜਨਵਰੀ ਤੱਕ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ | ਸਵੇਰ ਅਤੇ ਰਾਤ ਦੇ ਸਮੇਂ ਸੂਬੇ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਬਣੀ ਹੋਈ ਹੈ | ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕਰੀਬ 10 ਜ਼ਿਲਿ੍ਹਆਂ 'ਚ ਸੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ, ਜਦਕਿ ਪੰਜਾਬ ਦੇ ਲਗਭਗ ਸਾਰੇ ਜ਼ਿਲਿ੍ਹਆਂ 'ਚ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਜਤਾਈ ਹੈ | ਧੁੰਦ ਕਾਰਨ ਦਿ੍ਸ਼ਟੀ ਕਾਫ਼ੀ ਘੱਟ ਗਈ ਹੈ, ਜਿਸ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਅੰਮਿ੍ਤਸਰ ਵਿਚ ਸਵੇਰ ਦੌਰਾਨ ਦਿ੍ਸ਼ਟੀ ਬਹੁਤ ਘੱਟ ਦਰਜ਼ ਕੀਤੀ ਗਈ, ਜਦਕਿ ਫ਼ਰੀਦਕੋਟ ਸਮੇਤ ਕਈ ਹੋਰ ਇਲਾਕਿਆਂ 'ਚ ਵੀ ਹਾਲਾਤ ਆਮ ਨਾਲੋਂ ਖ਼ਰਾਬ ਰਹੇ | ਤਾਪਮਾਨ ਦੇ ਅੰਕੜਿਆਂ ਮੁਤਾਬਕ ਫ਼ਰੀਦਕੋਟ ਸੂਬੇ ਦਾ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ ਕਰੀਬ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 6 ਤੋਂ 10 ਡਿਗਰੀ ਸੈਲਸੀਅਸ ਦੇ ਦਰਮਿਆਨ ਰਿਹਾ, ਜਦਕਿ ਦਿਨ ਦਾ ਤਾਪਮਾਨ ਵੀ ਕਈ ਥਾਵਾਂ 'ਤੇ ਆਮ ਨਾਲੋਂ ਹੇਠਾਂ ਰਿਹਾ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਜਲੰਧਰ, ਲੁਧਿਆਣਾ, ਅੰਮਿ੍ਤਸਰ, ਗੁਰਦਾਸਪੁਰ, ਮੁਹਾਲੀ, ਪਟਿਆਲਾ ਅਤੇ ਪਠਾਨਕੋਟ ਸਮੇਤ ਸੂਬੇ ਦੇ ਬਹੁਤੇ ਜ਼ਿਲਿਆਂ ਵਿਚ ਧੁੰਦ ਜਾਰੀ ਰਹੇਗੀ ਅਤੇ ਠੰਢੀਆਂ ਹਵਾਵਾਂ ਦੇ ਚਲਦਿਆਂ ਜਲੰਧਰ, ਕਪੂਰਥਲਾ, ਫਰੀਦਕੋਟ, ਮੁਕਤਸਰ, ਤਰਨ ਤਾਰਨ, ਅੰਮਿ੍ਤਸਰ, ਮੋਗਾ, ਬਠਿੰਡਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿਚ ਸੀਤ ਲਹਿਰ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ | ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਰਾਤ ਦੇ ਤਾਪਮਾਨ 'ਚ ਹੋਰ ਗਿਰਾਵਟ ਦੀ ਸੰਭਾਵਨਾ ਜਤਾਉਂਦਿਆਂ ਲੋਕਾਂ ਨੂੰ ਧੁੰਦ ਦੌਰਾਨ ਯਾਤਰਾ ਸਮੇਂ ਸਾਵਧਾਨੀ ਵਰਤਣ ਅਤੇ ਠੰਢ ਤੋਂ ਬਚਾਅ ਲਈ ਲੋੜੀਂਦੇ ਉਪਾਅ ਕਰਨ ਦੀ ਅਪੀਲ ਕੀਤੀ ਹੈ |